ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਜਲੰਧਰ

         
 
  • ਜੰਡਿਆਲਾ ਮੰਜਕੀ : ਪਿੰਡ ਸਰਹਾਲੀ ਤੋਂ ਜਸਵਿੰਦਰ ਸਿੰਘ ਧਨੀ ਪਿੰਡ ਤੋਂ ਰਾਮ ਗੋਪਾਲ ਮਹਿਰਾ ਬਣੇ ਸਰਪੰਚ
  •  ਨੂਰਮਹਿਲ : ਪਿੰਡ ਚੂਹੇਕੀ ਤੋਂ ਪਰਮਜੀਤ ਕੌਰ ਨੇ ਜਿੱਤੀ ਸਰਪੰਚੀ ਦੀ ਚੋਣ
  • ਲੋਹੀਆਂ ਖਾਸ : ਗੁਰਮੇਲ ਸਿੰਘ ਪਿੰਡ ਕਾਕੜ ਕਲਾਂ ਤੋਂ ਅਤੇ ਮਰਾਜਵਾਲਾ ਤੋਂ ਕੁਲਵੰਤ ਸਿੰਘ ਜੌਸਣ ਸਰਪੰਚੀ ਦੀ ਚੋਣ ਜਿੱਤੇ
  • ਬਲਾਕ ਲੋਹੀਆਂ ਖਾਸ (ਜਲੰਧਰ) ਦੇ ਪਿੰਡ ਖੋਸਾ ਤੋਂ ਬੀਬੀ ਗੁਰਬਖ਼ਸ਼ ਕੌਰ ਅਤੇ ਪਿੰਡ ਕੰਗ ਖੁਰਦ ਤੋਂ ਅਕਾਲੀ ਦਲ ਦੀ ਸ਼ਿੰਦਰ ਕੌਰ ਜੇਤੂ
  •  ਜਲੰਧਰ ਦੇ ਪਿੰਡ ਬੱਲਾਂ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਕੁਮਾਰ ਜਿੱਤੇ ਸਰਪੰਚੀ ਦੀ ਚੋਣ
  •  ਜਲੰਧਰ ਦੇ ਪਿੰਡ ਈਸਪਰ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਰਾਜਾ ਜਿੱਤੇ ਸਰਪੰਚੀ ਦੀ ਚੋਣ
  •  ਜਲੰਧਰ ਦੇ ਪਿੰਡ ਅੰਬਗੜ੍ਹ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਕੁਮਾਰ ਜਿੱਤੇ
  • 2:10 pm : ਜਲੰਧਰ 'ਚ 2 ਵਜੇ ਤੱਕ 50.72 ਫੀਸਦੀ ਪੋਲਿੰਗ
     
 

21 ਸਾਲ ਦੀ ਉਮਰ 'ਚ ਬਣਿਆ ਪੰਚ
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਜ਼ਾਰਾ ਪਿੰਡ ਤੋਂ ਹੀ ਪੰਚੀ ਲਈ ਚੋਣ ਲੜ ਰਹੇ ਕਰੀਬ 21 ਸਾਲ ਦੇ ਨੌਜਵਾਨ ਕਰਨਵੀਰ ਸਿੰਘ ਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ। ਪਿੰਡ ਦੇ ਕੁਝ ਲੋਕਾਂ ਵਲੋਂ ਦਾਅਵਾ ਕੀਤਾ ਗਿਆ ਕਿ ਕਰਨਵੀਰ ਸਿੰਘ ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡਾਂ 'ਚ ਹੋ ਰਹੀਆਂ ਚੋਣਾਂ 'ਚ ਸਭ ਤੋਂ ਘੱਟ ਉਮਰ ਦਾ ਪੰਚਾਇਤ ਮੈਂਬਰ ਚੁਣਿਆ ਗਿਆ ਹੈ।

ਨੰਗਲ ਫ਼ਤਿਹ ਖਾਂ 'ਚ ਜਸਬੀਰ ਸਿੰਘ ਤੇ ਦੋਲਤਪੁਰ 'ਚ ਮਨਜੀਤ ਕੌਰ ਬਣੇ ਸਰਪੰਚ 
ਜਲੰਧਰ ਛਾਉਣੀ, 30 ਦਸੰਬਰ (ਪਵਨ ਖਰਬੰਦਾ)-ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਨੰਗਲ ਫਤਿਹ ਖਾਂ ਵਿਖੇ ਅੱਜ ਹੋਈਆਂ ਪੰਚਾਇਤੀ ਚੋਣਾਂ ਦੇ ਸ਼ਾਮ ਸਮੇਂ ਆਏ ਨਤਿਜਿਆਂ 'ਚ ਸਰਪੰਚੀ ਲਈ ਚੋਣ ਲੜ ਰਹੇ ਜਸਬੀਰ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਸਰਪੰਚੀ ਦੀ ਸੀਟ 'ਤੇ ਕਬਜ਼ਾ ਕਰ ਲਿਆ ਤੇ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਧਿਰ ਦੇ ਸ਼ਾਮ ਸ਼ਰਮਾ, ਜਰਨੈਲ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਕੌਰ ਤੇ ਬਿੰਦਰ ਦੇਵੀ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਪੰਚ ਦੀ ਚੋਣ ਜਿੱਤੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਅਰੁਣ ਸ਼ਰਮਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਨੇ ਬਹੁਤ ਹੀ ਸੁਝਵਾਨ ਤੇ ਇਮਾਨਦਾਰ ਵਿਅਕਤੀ ਜਸਬੀਰ ਸਿੰਘ ਨੂੰ ਸਰਪੰਚ ਬਣਾ ਕੇ ਪਿੰਡ ਨੂੰ ਵਿਕਾਸ ਦੀਆਂ ਲੀਹਾਂ ਵੱਲ ਤੋਰ ਦਿੱਤਾ ਹੈ। ਇਸੇ ਤਰ੍ਹਾਂ ਹੀ ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਦੋਲਤਪੁਰ ਵਿਖੇ ਸਰਪੰਚ ਦੀ ਚੋਣ ਲੜ ਰਹੀ ਮਨਜੀਤ ਕੌਰ ਪਤਨੀ ਜੋਗਾ ਸਿੰਘ ਨੇ ਆਪਣੀ ਵਿਰੋਧੀ ਉਮੀਦਵਾਰ ਬਖਸ਼ੀਸ਼ ਕੌਰ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਵੋਟਰਾਂ ਵਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਦਾ ਧੰਨਵਾਦ ਕਰਦੇ ਹੋਏ ਨਵੀਂ ਚੁਣੀ ਗਈ ਮਹਿਲਾ ਸਰਪੰਚ ਮਨਜੀਤ ਕੌਰ ਨੇ ਕਿਹਾ ਕਿ ਉਹ ਪਿੰਡ ਦਾ ਵਿਕਾਸ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

ਖਹਿਰਾ ਨੂੰ ਉਸ ਦੇ ਪਿੰਡ ਵਾਲਿਆਂ ਨੇ ਹੀ ਦਿਖਾਇਆ ਸ਼ੀਸ਼ਾ-ਗੋਰਾ ਗਿੱਲ 
ਜਲੰਧਰ, 30 ਦਸੰਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਨਜ਼ਦੀਕੀ ਰਿਸ਼ਤੇਦਾਰ ਦੇ ਚੋਣ ਹਾਰ ਜਾਣ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਖਹਿਰਾ ਨੂੰ ਉਸ ਦੇ ਪਿੰਡ ਦੇ ਲੋਕਾਂ ਨੇ ਹੀ ਸ਼ੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਰਾਮਗੜ੍ਹ ਦੀਆਂ ਪੰਚਾਇਤੀ ਚੋਣਾਂ ਖਹਿਰਾ ਦੀ ਨਜ਼ਦੀਕੀ ਰਿਸ਼ਤੇਦਾਰ ਕਰਨਬੀਰ ਕੌਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨਿਰਮਲ ਸਿੰਘ 54 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਗੋਰਾ ਗਿੱਲ ਨੇ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਖਹਿਰਾ ਵਲੋਂ ਆਪਣੀ ਨਜ਼ਦੀਕੀ ਰਿਸ਼ਤੇਦਾਰ ਦੀ ਜਿੱਤ ਲਈ ਪੂਰਾ ਟਿੱਲ ਲਗਾਇਆ ਗਿਆ ਸੀ ਤੇ ਪੋਸਟਰਾਂ 'ਚ ਵੀ ਖਹਿਰਾ ਦੇ ਸਮਰਥਨ ਬਾਰੇ ਲਿਖਿਆ ਗਿਆ ਸੀ ਪਰ ਖਹਿਰਾ ਵੋਟਰਾਂ 'ਤੇ ਕੋਈ ਪ੍ਰਭਾਵ ਨਾ ਪਾ ਸਕੇ ਤੇ ਕਿਰਨਬੀਰ ਕੌਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸੁਪਨਾ ਦੇਖਣ ਵਾਲੇ ਖਹਿਰਾ ਲੋਕਾਂ 'ਚ ਆਪਣਾ ਪ੍ਰਭਾਵ ਗੁਆ ਚੁੱਕੇ ਹਨ ਤੇ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ।

ਸੁੱਖਾ ਫੋਲੜੀਵਾਲ ਚੋਣ ਜਿੱਤੇ 
ਜਲੰਧਰ, 30 ਦਸੰਬਰ (ਜਸਪਾਲ ਸਿੰਘ)-ਜ਼ਿਲ੍ਹੇ 'ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਫੋਲੜੀਵਾਲ ਦੀ ਚੋਣ ਕਾਫ਼ੀ ਚਰਚਾ ਵਿਚ ਰਹੀ। ਇਸ ਪਿੰਡ ਤੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਨੇ ਸਾਬਕਾ ਸਰਪੰਚ ਨੈਥੇਨੀਅਲ ਜੀਤਾ ਨੂੰ ਹਰਾ ਕੇ ਪਿੰਡ ਦਾ ਸਰਪੰਚ ਬਣਨ ਦਾ ਮਾਣ ਹਾਸਿਲ ਕੀਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਖਜਿੰਦਰ ਕੌਰ ਪਿੰਡ ਦੀ ਸਰਪੰਚ ਸੀ ਤੇ ਇਸ ਵਾਰ ਉਹ ਖੁਦ ਸਰਪੰਚ ਚੁਣੇ ਗਏ। ਸੁੱਖਾ ਫੋਲੜੀਵਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਆਪਣੀ ਜਿੱਤ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ।