ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਗੁਰਦਾਸਪੁਰ

         
 
  • ਗੁਰਦਾਸਪੁਰ : ਪਿੰਡ ਸਾਲ੍ਹੇਚੱਕ 'ਚ ਅਮਰੀਕ ਸਿੰਘ ਬਣੇ ਸਰਪੰਚ
  • ਪਠਾਨਕੋਟ : ਪਿੰਡ ਹਾਂੜਾ ਤੋਂ ਪੱਲਵੀ ਠਾਕੁਰ ਜੇਤੂ
  • ਪਠਾਨਕੋਟ : ਪਿੰਡ ਦੌਲਤਪੁਰ ਜੱਟਾਂ ਤੋਂ ਰਾਜ ਕੌਰ, ਬੇਹਰੀ ਬਜ਼ੁਰਗ ਤੋਂ ਗੀਤਾ ਠਾਕੁਰ, ਤਾਜਪੁਰ ਤੋਂ ਬੋਧਰਾਜ ਜੇਤੂ
  • ਪਠਾਨਕੋਟ : ਪਿੰਡ ਜਸਵਾਲੀ ਤੋਂ ਕਰਨ ਸਿੰਘ ਅਤੇ ਕੋਟਲੀ ਤੋਂ ਰਵੀ ਕੁਮਾਰ ਜੇਤੂ
  • ਪਠਾਨਕੋਟ : ਪਿੰਡ ਆਬਾਦਗੜ੍ਹ ਤੋਂ ਜਥੇਦਾਰ ਲਖਵਿੰਦਰ ਸਿੰਘ ਲੱਖੀ, ਰਾਜਪੁਰਾ ਤੋਂ ਠਾਕੁਰ ਚੇਤਨ ਸਿੰਘ,ਅਦਿਆਲ ਤੋਂ ਸੁਸ਼ਮਾ ਦੇਵੀ ਜੇਤੂ
  • ਪਠਾਨਕੋਟ ਦੇ ਪਿੰਡਾਂ 'ਚ ਪੰਚਾਇਤੀ ਚੋਣਾਂ ਲਈ 82 ਫ਼ੀਸਦੀ ਵੋਟਿੰਗ
  • ਗੁਰਦਾਸਪੁਰ 'ਚ 60 ਫੀਸਦੀ ਪੋਲਿੰਗ
     
 

ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਗੁਰਦਾਸਪੁਰ 'ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਪੰਚਾਇਤੀ ਚੋਣਾਂ
ਬਟਾਲਾ 'ਚ ਰੌਲੇ-ਰੱਪੇ 'ਚ ਲੰਘੀਆਂ ਪੰਚਾਇਤੀ ਚੋਣਾਂ
ਬਟਾਲਾ, 30 ਦਸੰਬਰ (ਕਾਹਲੋਂ)-ਹਲਕਾ ਬਟਾਲਾ, ਡੇਰਾ ਬਾਬਾ ਨਾਨਕ, ਫਤਹਿਗੜ੍ਹ ਚੂੜੀਆਂ, ਸ੍ਰੀ ਹਰਿਗੋਬਿੰਦਪੁਰ ਅਤੇ ਕਾਦੀਆਂ ਦੇ ਵੱਖ-ਵੱਖ ਪਿੰਡਾਂ 'ਚ ਪੰਚਾਇਤੀ ਚੋਣਾਂ ਰੌਲੇ-ਰੱਪੇ ਅਤੇ ਕਈ ਥਾਈਂ ਲੜਾਈ-ਝਗੜੇ ਦੀ ਭੇਟ ਚੜਦਿਆਂ ਕਈ ਤਰ੍ਹਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀਆਂ ਮੁਕੰਮਲ ਹੋ ਗਈਆਂ। ਬਹੁਤੇ ਥਾਈਂ ਕਾਂਗਰਸ ਧੜੇ ਹੀ ਆਪਸ ਵਿਚ ਭਿੜੇ। ਲੜਾਈ-ਝਗੜੇ ਅਤੇ ਬੂਥਾਂ 'ਤੇ ਰਹੇ ਤਣਾਅ ਕਾਰਨ ਬਹੁਤ ਥਾਈਂ ਚੋਣ ਅਮਲੇ ਵਿਚ ਸਹਿਮ ਪਾਇਆ ਗਿਆ। ਕਈ ਥਾਂਈ ਲੰਗਰ ਵੀ ਲਗਾਏ ਗਏ। ਔਰਤਾਂ ਵਿਚ ਵੋਟਾਂ ਪਾਉਣ ਦਾ ਕਾਫੀ ਉਤਸ਼ਾਹ ਨਜ਼ਰ ਆਇਆ। ਕੁੱਲ ਮਿਲਾ ਕੇ ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਸੀ। ਜ਼ਿਕਰਯੋਗ ਹੈ ਕਿ ਪੂਰੇ ਜ਼ਿਲ੍ਹੇ 'ਚ 1280 ਪੰਚਾਇਤਾਂ ਹਨ। ਸਰਪੰਚੀ ਲਈ 1325 ਉਮੀਦਵਾਰ ਅਤੇ 5001 ਪੰਚੀ ਉਮੀਦਵਾਰ ਮੈਦਾਨ ਵਿਚ ਸਨ। 727 ਸਰਪੰਚਾਂ ਅਤੇ 4898 ਪੰਚਾਂ ਲਈ ਸਰਬਸੰਮਤੀ ਪਹਿਲਾਂ ਹੀ ਹੋ ਚੁੱਕੀ ਹੈ।
ਚੋਰਾਂਵਾਲੀ ਵਾਸੀਆਂ ਵਲੋਂ ਐੱਸ.ਡੀ.ਐੱਮ. ਤੇ ਬੀ.ਡੀ.ਪੀ.ਓ. ਦਫ਼ਤਰ ਅੱਗੇ ਧਰਨੇ-ਚੋਣਾਂ ਦੁਬਾਰਾ ਕਰਾਉਣ ਦੀ ਮੰਗ
ਪਿੰਡ ਚੋਰਾਂਵਾਲੀ ਦੇ ਵਾਸੀਆਂ ਵਲੋਂ ਪੰਚਾਇਤੀ ਚੋਣ ਦਾ ਬਾਈਕਾਟ ਐੱਸ.ਡੀ.ਐੱਮ. ਬਟਾਲਾ ਅਤੇ ਬੀ.ਡੀ.ਪੀ.ਓ. ਬਟਾਲਾ ਦੇ ਦਫ਼ਤਰਾਂ ਅੱਗੇ ਧਰਨਾ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਦੁਬਾਰਾ ਨਿਰਪੱਖ ਚੋਣ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਸਰਪੰਚੀ ਲਈ ਉਮੀਦਵਾਰ ਸੀਮਾ ਰਾਣੀ ਪਤਨੀ ਵਿਸ਼ਵਾਮਿੱਤਰ ਚੋਣ ਨਿਸ਼ਾਨ ਮੋਬਾਇਲ ਚਾਰਜਰ ਅਤੇ ਆਰਤੀ ਰਾਣੀ ਪਤਨੀ ਬਸੰਤ ਲਾਲ ਚੋਣ ਨਿਸ਼ਾਨ ਮੋਮਬੱਤੀ ਨੇ ਹੋਰ ਪਿੰਡ ਵਾਸੀਆਂ ਸਮੇਤ ਦੱਸਿਆ ਕਿ ਉਨ੍ਹਾਂ ਦੋਹਾਂ ਸਮੇਤ ਪਿੰਡ 'ਚ ਸਰਪੰਚੀ ਲਈ 3 ਕਾਂਗਰਸੀ ਉਮੀਦਵਾਰ ਚੋਣ ਲੜ ਰਹੇ ਹਨ, ਜਿਸ ਸਬੰਧੀ ਸਾਨੂੰ ਚੋਣ ਨਿਸ਼ਾਨ ਤੇ ਵੋਟਰ ਸੂਚੀਆਂ ਵੀ ਮਿਲ ਗਈਆਂ ਸਨ। ਅੱਜ ਸਵੇਰੇ ਕੁਝ ਵੋਟਾਂ ਪੈ ਚੁੱਕੀਆਂ ਸਨ ਅਤੇ ਜਦੋਂ ਅਸੀਂ ਵੋਟਾਂ ਪਾਉਣ ਗਏ ਤਾਂ ਸਾਡੇ ਦੋਹਾਂ ਉਮੀਦਵਾਰਾਂ ਦੇ ਨਾਂਅ ਹੀ ਵੋਟਰ ਸੂਚੀ 'ਚ ਦਰਜ ਨਹੀਂ ਸਨ। ਇਸ ਤੋਂ ਇਲਾਵਾ ਸਾਡੀਆਂ 90 ਵੋਟਾਂ ਕੱਟ ਦਿੱਤੀਆਂ ਗਈਆਂ ਹਨ ਅਤੇ 130 ਵੋਟਾਂ ਬਾਹਰੋਂ ਵਾਧੂ ਸ਼ਾਮਿਲ ਕਰ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਅਸੀਂ ਚੋਣ ਦਾ ਬਾਈਕਾਟ ਕੀਤਾ ਹੈ। ਇਸ ਮੌਕੇ ਉਨ੍ਹਾਂ ਬੀ.ਡੀ.ਪੀ.ਓ. 'ਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਦੁਬਾਰਾ ਨਿਰਪੱਖ ਚੋਣ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਦੀਪਕ ਸ਼ਰਮਾ, ਸਾਬਕਾ ਸਰਪੰਚ ਆਰਤੀ ਰਾਣੀ, ਸੰਦੀਪ ਦੇਵਗਨ, ਗੁਰਤੇਜਪਾਲ, ਪ੍ਰਵੀਨ ਕੁਮਾਰ, ਯਸ਼ਪਾਲ, ਅਮ੍ਰਿਤਪਾਲ, ਬਲਵਿੰਦਰਪਾਲ, ਰਜੇਸ਼ ਕੁਮਾਰ, ਵੈਸ਼ਨੂੰ ਦਾਸ, ਸਰੋਜ ਬਾਲਾ, ਪੂਜਾ, ਵਿਜੇ ਕੁਮਾਰ, ਪ੍ਰਦੀਪ ਕੁਮਾਰ, ਸਰਬਜੀਤ ਸਿੰਘ, ਅਮਰੀਕ ਸਿੰਘ, ਗੋਰਖ ਨਾਥ, ਦਵਿੰਦਰ ਕੁਮਾਰ, ਹਰਜਿੰਦਰ ਕੁਮਾਰ ਆਦਿ ਹਾਜ਼ਰ ਸਨ।
ਪਿੰਡ ਖਾਨਫੱਤਾ 'ਚ ਕਾਂਗਰਸੀ ਆਪਸ 'ਚ ਭਿੜੇ
ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਖਾਨਫੱਤਾ 'ਚ ਕਾਂਗਰਸ ਪਾਰਟੀ ਵਲੋਂ ਸਰਪੰਚ ਦੀ ਚੋਣ ਲਈ ਖੜ੍ਹੇ ਦੋਵੇਂ ਉਮੀਦਵਾਰ ਤੇ ਸਮਰਥਕ ਆਪਸ ਵਿਚ ਭਿੜ ਗਏ। ਇਕ ਧੜੇ ਦੇ ਉਮੀਦਵਾਰ ਸੁਰਜੀਤ ਸਿੰਘ ਐਡਵੋਕੇਟ ਨੇ ਦੱਸਿਆ ਕਿ ਦੂਜੀ ਧਿਰ ਦੇ ਉਮੀਦਵਾਰ ਕੇਵਲ ਮਸੀਹ ਵਲੋਂ ਧੱਕੇਸ਼ਾਹੀ ਕਰਕੇ ਲੋਕਾਂ ਤੋਂ ਵੋਟਾਂ ਪਵਾਈਆਂ ਜਾ ਰਹੀਆਂ ਸਨ, ਜਿਸ ਦਾ ਵਿਰੋਧ ਕਰਨ 'ਤੇ ਉਸ ਨੇ ਦਾਤਰ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਮੇਰੀ ਤੇ ਮੇਰੇ ਸਮਰਥਕ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ।
ਬੂਥ ਨੰਬਰ 24 ਪਿੰਡ ਚੌੜੇ ਚੋਣ ਰੱਦ ਕੀਤੀ
ਸ੍ਰੀ ਹਰਿਗੋਬਿੰਦਪੁਰ, (ਘੁੰਮਣ, ਚੀਮਾ)-ਬਲਾਕ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਚੌੜੇ ਬੂੁਥ ਨੰਬਰ 24 ਵਿਚ ਬੈਲਟ ਪੇਪਰਾਂ ਦੀ ਛਪਾਈ ਵਿਚ ਇਕ ਪੰਚ ਉਮੀਦਵਾਰ ਦੀ ਗਲਤੀ ਆਉਣ ਕਰਕੇ ਵੋਟਰਾਂ ਵਲੋਂ ਚੋਣ ਨੂੰ ਰੋਕ ਦਿੱਤਾ ਗਿਆ। ਮੌਕੇ 'ਤੇ ਬੀ.ਡੀ.ਪੀ.ਓ. ਹਰਪ੍ਰੀਤ ਸਿੰਘ, ਨਾਇਬ ਤਹਿਸੀਲ ਸ਼ਤੀਸ ਕੁਮਾਰ,
ਲਲਿਤ ਕੁਮਾਰ ਆਰ.ਓ. ਵਲੋਂ ਪਹੁੰਚ ਕੇ ਪਾਰਟੀਆਂ ਨੂੰ ਸਮਝਾਉਣ ਦੇ ਬਾਵਜੂਦ ਕਿਸੇ ਪਾਸੇ ਗੱਲ ਨਾ ਲੱਗਣ 'ਤੇ ਅੱਜ ਦੀ ਚੋਣ ਰੱਦ ਕਰ ਦਿੱਤੀ ਗਈ। ਜਦੋਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਗਿਆ ਹੈ ਤੇ ਅਗਲੇ ਹੁਕਮਾਂ ਤੱਕ ਰੋਕ ਲੱਗੀ ਰਹੇਗੀ।
ਬੈਲਟ ਪੇਪਰ 'ਚ ਚੋਣ ਨਿਸ਼ਾਨ ਗਲਤ ਹੋਣ ਕਾਰਨ ਚੋਣ ਰੱਦ ਕਰਨ ਦੀ ਮੰਗ
ਧਾਰੀਵਾਲ, (ਸਵਰਨ ਸਿੰਘ)-ਪੰਚਾਇਤੀ ਚੋਣਾਂ ਦੌਰਾਨ ਪਿੰਡ ਡਡਵਾਂ ਵਿਖੇ ਸਰਪੰਚੀ ਦੇ ਉਮੀਦਵਾਰ ਕੁਲਦੀਪ ਸੂਦ ਦਾ ਬੈਲਟ ਪੇਪਰ ਵਿਚ ਗਲਤ ਚੋਣ ਨਿਸ਼ਾਨ ਆ ਜਾਣ ਨਾਲ ਮਾਮਲਾ ਕਾਫ਼ੀ ਦੇਰ ਤੱਕ ਉਲਝਿਆ ਰਿਹਾ। ਇਸ ਸਬੰਧੀ ਸਬੰਧਿਤ ਉਮੀਦਵਾਰ ਕੁਲਦੀਪ ਸੂਦ ਅਤੇ ਸਮਰਥਕਾਂ ਨੇ ਪ੍ਰੋਜਾਈਡਿੰਗ ਅਫ਼ਸਰ ਪ੍ਰਵੀਨ ਕੁਮਾਰ ਨੂੰ ਇਤਰਾਜ ਕੀਤਾ, ਜਿਸ 'ਤੇ ਪ੍ਰ੍ਰੋਜਾਈਡਿੰਗ ਅਫ਼ਸਰ ਨੇ ਕਿਹਾ ਕਿ ਇਹ ਮਾਮਲਾ ਰਿਟਰਨਿੰਗ ਅਫ਼ਸਰ ਜਾਂ ਉੱਚ ਅਧਿਕਾਰੀਆਂ ਦਾ ਹੈ। ਉਨ੍ਹਾਂ ਤਾਂ ਕੇਵਲ ਪੋਲਿੰਗ ਹੀ ਕਰਾਵਾਉਣੀ ਹੈ। ਇਸ ਮਾਮਲਾ ਨੂੰ ਲੈ ਕੇ ਉਮੀਦਵਾਰ ਕੁਲਦੀਪ ਸੂਦ ਨੇ ਦੱਸਿਆ ਕਿ ਨਾਮਜ਼ਦਗੀ ਮੌਕੇ 'ਤੇ ਉਨ੍ਹਾਂ ਨੂੰ ਕੈਰਮ ਬੋਰਡ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਪਿੰਡ ਵਿਚ ਚੋਣ ਪ੍ਰਚਾਰ ਵੀ ਕਰਦੇ ਰਹੇ, ਪਰ ਅੱਜ ਜਦੋਂ ਪੋਲਿੰਗ ਪਾਰਟੀ ਨੇ ਨਿਰਧਾਰਤ ਸਮੇਂ 'ਤੇ ਪੋਲਿੰਗ ਸ਼ੁਰੂ ਕੀਤੀ ਤਾਂ ਬੈਲਟ ਪੇਪਰਾਂ ਵਿਚ ਕੈਰਮ ਬੋਰਡ ਚੋਣ ਨਿਸ਼ਾਨ ਹੀ ਨਹੀਂ ਸੀ, ਜਿਸ 'ਤੇ ਜਾਂਚ ਪੜਤਾਲ ਕੀਤੀ ਤਾਂ ਉਨ੍ਹਾਂ ਦਾ ਚੋਣ ਨਿਸ਼ਾਨ ਬਦਲ ਕੇ ਮੰਜਾ ਛਾਪਿਆ ਹੋਇਆ ਸੀੇ। ਇਸ ਮਾਮਲੇ ਨੂੰ ਲੈ ਕੇ ਸਬੰਧਿਤ ਉਮੀਦਵਾਰ ਨੇ ਜ਼ਿਲ੍ਹਾ ਉੱਚ-ਅਧਿਕਾਰੀਆਂ ਅਤੇ ਚੋਣ ਕਮਿਸ਼ਨਰ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੀ ਚੋਣ ਰੱਦ ਕਰਕੇ ਦੁਬਾਰਾ ਕਰਵਾਈ ਜਾਵੇ।
ਉਮੀਦਵਾਰ ਦਾ ਨਿਸ਼ਾਨ ਬੈਲਟ ਪੇਪਰ 'ਚ ਨਾ ਆਉਣ 'ਤੇ ਲੋਕਾਂ ਵਲੋਂ ਪ੍ਰਦਰਸ਼ਨ
ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਦੁਲੂਆਣਾ ਵਿਚ ਮਾਹੌਲ ਉਸ ਵੇਲੇ ਤਨਾਅਪੂਰਨ ਬਣ ਗਿਆ, ਜਦੋਂ ਇਕ ਪੰਚ ਉਮੀਦਵਾਰ ਨੂੰ ਸਬੰਧਿਤ ਰਿਟਰਨਿੰਗ ਅਫਸਰ ਵਲੋਂ ਚੋਣ ਨਿਸ਼ਾਨ ਤਾਂ ਜਾਰੀ ਕੀਤਾ ਗਿਆ, ਪਰ ਬੈਲਟ ਪੇਪਰ ਵਿਚ ਚੋਣ ਨਿਸ਼ਾਨ ਨਾ ਆਇਆ, ਜਿਸ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਉਮੀਦਵਾਰ ਦੇ ਸਮਰਥਕਾਂ ਨੇ ਬੂਥ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਰਿਟਰਨਿੰਗ ਅਫਸਰ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਸਬੰਧੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਆਰ-1 ਮਨਜੀਤ ਸਿੰਘ, ਪੁਲਿਸ ਥਾਣਾ ਧਾਰੀਵਾਲ ਦੇ ਮੁਖੀ ਅਮਨਦੀਪ ਸਿੰਘ ਰੰਧਾਵਾ ਨੇ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ। ਇਸ ਮੌਕੇ ਪਿੰਡ ਦੂਲੂਆਣਾ (ਬੂਥ ਨੰਬਰ 52) ਤੋਂ ਪੰਚ ਉਮੀਦਵਾਰ ਬਲਵੰਤ ਸਿੰਘ ਦੇ ਸਮਰਥਕ ਧਿਰ ਦੇ ਸਮਰਥਕ ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਸਬੰਧਿਤ ਰਿਟਰਨਿੰਗ ਅਫ਼ਸਰ ਹਰਿੰਦਰ ਸਿੰਘ ਕੋਹਾੜ (ਜ਼ੋਨ ਨੰਬਰ 4 ਬਲਾਕ ਧਾਰੀਵਾਲ) ਨੇ ਪਹਿਲਾਂ ਉਨ੍ਹਾਂ ਦੇ ਧੜੇ ਦੇ ਸਰਪੰਚੀ ਦੇ ਉਮੀਦਵਾਰ ਜਸਵੰਤ ਸਿੰਘ ਦੇ ਨਾਮਜ਼ਦਗੀ ਪੇਪਰ ਬਿਨਾਂ ਵਜ੍ਹਾ ਸਿਆਸੀ ਦਬਾਅ ਹੇਠ ਰੱਦ ਕੀਤੇ ਸਨ। ਰਿਟਰਨਿੰਗ ਅਫ਼ਸਰ ਵਲੋਂ ਪਿੰਡ ਦੁਲੂਆਣਾ ਦੀ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿਚ ਵਾਰਡ ਨੰਬਰ 4 ਤੋਂ ਬਲਵੰਤ ਸਿੰਘ ਪੁੱਤਰ ਸੁਰੈਣ ਸਿੰਘ ਨੂੰ ਯੋਗ ਪੰਚ ਉਮੀਦਵਾਰ ਐਲਾਨ/ਦਰਸਾਉਣ ਮਗਰੋਂ ਸਿਲਾਈ ਮਸ਼ੀਨ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ, ਪਰ ਅੱਜ 30 ਦਸੰਬਰ ਨੂੰ ਹੋ ਰਹੀ ਪੰਚਾਇਤੀ ਚੋਣ ਲਈ ਜਾਰੀ ਬੈਲਟ ਪੇਪਰ ਵਿਚ ਉਸ ਦਾ ਚੋਣ ਨਿਸ਼ਾਨ ਗਾਇਬ ਵੇਖ ਕੇ ਉਹ ਹੱਕੇ-ਬੱਕੇ ਰਹਿ ਗਏ। ਮੌਕੇ 'ਤੇ ਪਹੁੰਚੇ ਰਿਟਰਨਿੰਗ ਅਫ਼ਸਰ ਹਰਿਦਰ ਸਿੰਘ ਕੋਹਾੜ ਅਤੇ ਪੰਚ ਉਮੀਦਵਾਰ ਬਲਵੰਤ ਸਿੰਘ ਦੇ ਸਮਰਥਕਾਂ ਵਿਚ ਹੋਈ ਤਕਰਾਰਬਾਜ਼ੀ ਨੂੰ ਵੇਖਦਿਆਂ ਉਕਤ ਪੁਲਿਸ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਹੇਠ ਰੱਖਿਆ। ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਬਲਵੰਤ ਸਿੰਘ ਦੇ ਨਾਮਜ਼ਦਗੀ ਪੱਤਰਾਂ ਵਿਚ ਚੁੱਲ੍ਹਾ ਟੈਕਸ ਦੀ ਰਸੀਦ ਨਹੀਂ ਲਗਾਈ ਗਈ, ਜਿਸ ਕਾਰਨ ਕਾਗਜ਼ ਰੱਦ ਕੀਤੇ ਗਏ ਹਨ। ਜਦੋਂ ਯੋਗ ਉਮੀਦਵਾਰਾਂ ਦੀ ਜਾਰੀ ਸੂਚੀ ਵਿਚ ਬਲਵੰਤ ਸਿੰਘ ਨੂੰ ਯੋਗ ਉਮੀਦਵਾਰ ਦਰਸਾਉਣ ਅਤੇ ਸਿਲਾਈ ਮਸ਼ੀਨ ਚੋਣ ਨਿਸ਼ਾਨ ਜਾਰੀ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਕਤ ਰਿਟਰਨਿੰਗ ਅਫ਼ਸਰ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੰਦਿਆਂ ਇਹ ਸਭ ਗਲਤੀ ਨਾਲ ਜਾਰੀ ਹੋ ਗਿਆ ਸੀ, ਕਹਿ ਕੇ ਖਹਿੜਾ ਛੁਡਾਉਂਦਿਆਂ ਕਿਹਾ ਕਿ ਬਲਵੰਤ ਸਿੰਘ ਦੇ ਕਾਗਜ਼ ਰੱਦ ਹਨ ਅਤੇ ਪੰਚ ਉਮੀਦਵਾਰ ਦਰਸ਼ਨ ਸਿੰਘ ਚੋਣ ਨਿਸ਼ਾਨ ਮੰਜਾ ਬਿਨਾਂ ਮੁਕਾਬਲੇ ਜੇਤੂ ਹੈ, ਜਿਸ 'ਤੇ ਧਰਨਾਕਾਰੀਆਂ ਨੇ ਪੰਚਾਇਤੀ ਚੋਣ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਅਤੇ ਪੁਲਿਸ ਨੇ ਸਖਤ ਪ੍ਰਬੰਧਾਂ ਹੇਠ ਦੂਸਰੀ ਧਿਰ ਦੀਆਂ ਵੋਟਾਂ ਪਵਾਉਣੀਆਂ ਸ਼ੁਰੂ ਕਰ ਦਿੱਤੀਆ।
ਨੰਗਲ ਬਾਗਬਾਨਾ 'ਚ ਦੋ ਧਿਰਾਂ ਦੌਰਾਨ ਹੋਏ ਝਗੜੇ 'ਚ 5 ਵਿਅਕਤੀ ਜ਼ਖ਼ਮੀ
ਕਾਦੀਆਂ, (ਮਕਬੂਲ ਅਹਿਮਦ, ਕੁਲਵਿੰਦਰ ਸਿੰਘ)-ਅੱਜ ਸਵੇਰੇ ਕਾਦੀਆਂ ਦੇ ਨਾਲ ਲਗਦੇ ਪਿੰਡ ਨੰਗਲ ਬਾਗਬਾਨਾ 'ਚ ਪੰਚਾਇਤੀ ਚੋਣਾਂ ਸਮੇਂ ਸਰਪੰਚੀ ਦੇ ਉਮੀਦਵਾਰ ਆਪਸ 'ਚ ਭਿੜ ਗਏ ਅਤੇ ਇਕ-ਦੂਜੇ 'ਤੇ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਦਿੱਤਾ। ਘਟਨਾ 'ਚ 5 ਦੇ ਕਰੀਬ ਲੋਕ ਮਾਮੂਲੀ ਫੱਟੜ ਵੀ ਹੋਏ ਹਨ, ਦੋਵੇਂ ਪੱਖ ਕਾਂਗਰਸੀ ਸਨ। ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਐੱਸ.ਐੱਚ.ਓ. ਸੁਦੇਸ਼ ਕੁਮਾਰ ਆਪ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਇਸ ਮੌਕੇ 'ਤੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਪੁਲਿਸ ਕਾਰਵਾਈ ਕੀਤੀ ਜਾਵੇਗੀ। ਦੂਜੇ-ਪਾਸੇ ਆਲੇ-ਦੁਆਲੇ ਦੇ ਪਿੰਡਾਂ 'ਚ ਵੋਟਾਂ ਅਮਨ ਨਾਲ ਪੈ ਰਹੀਆਂ ਹਨ। ਇਸ ਮੌਕੇ ਜਲਸੇ ਦੇ ਬਾਵਜੂਦ ਮੁਸਲਿਮ ਭਾਈਚਾਰੇ ਦੀ ਮਹਿਲਾਵਾਂ ਨੇ ਵੀ ਵੋਟਾਂ 'ਚ ਹਿੱਸਾ ਲਿਆ।
ਅਕਾਲੀ ਦਲ ਨੂੰ ਖੜ੍ਹੇ ਕਰਨ ਲਈ ਨਹੀਂ ਮਿਲੇ ਉਮੀਦਵਾਰ : ਮੰਤਰੀ ਰੰਧਾਵਾ
ਕੋਟਲੀ ਸੂਰਤ ਮੱਲ੍ਹੀ, (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਆਪਣੇ ਪਿੰਡ ਧਾਰੋਵਾਲੀ ਵਿਖੇ ਵੋਟ ਪਾਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਪੂਰੀ ਅਮਨ-ਸ਼ਾਂਤੀ ਨਾਲ ਗ੍ਰਾਮ ਪੰਚਾਇਤਾਂ ਦੀਆਂ ਵੋਟਾਂ ਪੈ ਰਹੀਆਂ ਹਨ ਤੇ ਸਰਕਾਰ ਕਿਸੇ ਨੂੰ ਵੀ ਕਾਨੂੰਨੀ ਨੂੰ ਆਪਣੇ ਹੱਥ 'ਚ ਲੈਣ ਦੀ ਇਜ਼ਾਜਤ ਨਹੀ ਦੇਵੇਗੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਧੱਕੇੇਸ਼ਾਹੀ  ਦੇ ਲਗਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਅਕਾਲੀ ਦਲ ਕੋਲ ਪੰਚਾਇਤੀ ਚੋਣਾਂ 'ਚ ਖੜੇ ਕਰਨ ਲਈ ਉਮੀਦਵਾਰ ਹੀ ਨਹੀਂ ਹਨ ਤੇ ਸ਼੍ਰੋਮਣੀ ਅਕਾਲੀ ਦਲ ਬਿਨਾਂ ਵਜ੍ਹਾ ਹੀ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਚਾਇਤੀ ਚੋਣਾਂ 'ਚ ਕਾਂਗਰਸੀ ਪੱਖੀ ਉਮੀਦਵਾਰ ਹੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਬਿਕਰਮਜੀਤ ਸਿੰਘ ਬੱਗਾ, ਗੁਰਜੀਤ ਸਿੰਘ ਲਾਡੀ, ਡਾ: ਕਵਲਜੀਤ ਸਿੰਘ ਹੈਪੀ, ਜਸਵੰਤ ਸਿੰਘ ਸੰਮਤੀ ਮੈਬਰ, ਗੁਰਨਾਮ ਸਿੰਘ, ਭੁਪਿੰਦਰ ਸਿੰਘ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਆੜ੍ਹਤੀ, ਦਿਲਬਾਗ ਸਿੰਘ ਰੰਧਾਵਾ, ਪ੍ਰੋ: ਦਲਜੀਤ ਸਿੰਘ ਧਾਰੋਵਾਲੀ, ਡਾ: ਪ੍ਰਕਾਸ਼ ਚੰਦ, ਪਰਮਜੀਤ ਸਿੰਘ, ਮਨਿੰਦਰ ਸਿੰਘ ਬਿੱਟਾ, ਬਿਕਰਮਜੀਤ ਸਿੰਘ ਬਿੱਕਾ, ਰਣਜੋਧ ਸਿੰਘ ਜੋਧਾ, ਹਰਿੰਦਰ ਸਿੰਘ ਦੇਹੜ, ਮਨਜੀਤ ਸਿੰਘ ਮੰਨਾ, ਹਰਪਾਲ ਸਿੰਘ ਧਾਰੋਵਾਲੀ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।
ਜਥੇ: ਸੇਖਵਾਂ ਨੇ ਪਤਨੀ ਸਮੇਤ ਵੋਟ ਪਾਈ
ਸੇਖਵਾਂ, (ਕੁਲਬੀਰ ਸਿੰਘ ਬੂਲੇਵਾਲ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਮੁੱਖ ਬੁਲਾਰੇ ਅਤੇ ਸਕੱਤਰ ਜਨਰਲ ਜਥੇ: ਸੇਵਾ ਸਿੰਘ ਸੇਖਵਾਂ ਨੇ ਅੱਜ ਆਪਣੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਸੇਖਵਾਂ ਸਮੇਤ ਪਿੰਡ ਸੇਖਵਾਂ ਦੇ ਪੋਲਿੰਗ ਬੂਥ 'ਤੇ ਪੰਚਾਇਤੀ ਚੋਣਾਂ ਲਈ ਆਪੋ-ਆਪਣੀ ਵੋਟ ਪਾਈ। ਇਸ ਮੌਕੇ ਪਿੰਡ ਦੀਆਂ 3 ਪੰਚਾਇਤਾਂ ਸੇਖਵਾਂ, ਥੇਹ ਪੱਤੀ ਸੇਖਵਾਂ ਅਤੇ ਪੱਤੀ ਨਾਗਰਾ ਦੀਆਂ ਪੰਚਾਇਤਾਂ ਦੀ ਚੋਣ ਲਈ ਬਣੇ ਪੋਲਿੰਗ ਬੂਥਾਂ 'ਤੇ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਨਜ਼ਰ ਆਈਆਂ। ਵੋਟਰਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਇਸੇ ਤਰ੍ਹਾਂ ਨੇੜਲੇ ਵੱਖ-ਵੱਖ ਪਿੰਡਾਂ 'ਚ ਵੀ ਵੋਟਾਂ ਦਾ ਕੰਮ ਲਗਪਗ ਅਮਨ-ਅਮਾਨ ਨਾਲ ਨੇਪਰੇ ਚੜਿਆ।
ਲਾੜੇ ਨੇ ਵਿਆਹ ਤੋਂ ਪਹਿਲਾਂ ਪਰਿਵਾਰ ਸਮੇਤ ਵੋਟ ਪਾਈ
ਕਾਦੀਆਂ, (ਕੁਲਵਿੰਦਰ ਸਿੰਘ)-ਪੰਚਾਇਤ ਚੋਣਾਂ ਲਈ ਅੱਜ ਵੋਟਾਂ ਪਾਉਣ ਸਮੇਂ ਪਿੰਡ ਤੁਗਲਵਾਲ ਵਿਖੇ ਇਕ ਲਾੜੇ ਵਲੋਂ ਆਪਣੇ ਪਰਿਵਾਰ ਸਮੇਤ ਆਪਣੀਆਂ ਵੋਟਾਂ ਪਾਈਆਂ ਗਈਆਂ ਤੇ ਉਸ ਤੋਂ ਬਾਅਦ ਬਰਾਤ ਲੈ ਕੇ ਰਵਾਨਾ ਹੋਇਆ। ਲਾੜਾ ਯਾਦਵਿੰਦਰ ਸਿੰਘ ਰਿਆੜ ਵਲੋਂ ਬੂਥ ਨੰਬਰ 107 ਵਿਖੇ ਵੋਟ ਪਾਈ ਗਈ। ਇਸੇ ਤਰ੍ਹਾਂ 105, 106, 107 'ਤੇ ਵੀ ਉਸ ਸਮੇਂ ਵੋਟਰ ਹਾਜ਼ਰ ਸਨ। ਬਰਾਤ 'ਚ ਲਾੜੇ ਦੇ ਪਿਤਾ ਸੂਬੇਦਾਰ ਕੁਲਦੀਪ ਸਿੰਘ ਮਾਤਾ ਮਨਜੀਤ ਕੌਰ ਸਮੇਤ ਹੋਰਨਾਂ 'ਚ ਸਵਜੀਤ ਸਿੰਘ ਰਿਆੜ, ਹਰਦੀਪ ਸਿੰਘ ਸੂੁਚ, ਮਨਜਿੰਦਰ ਸਿੰਘ ਸਾਬੀ, ਸਰਪੰਚ ਮੰਗਲ ਸਿੰਘ, ਮਨਪ੍ਰੀਤ ਸਿੰਘ ਸੰਨੀ, ਮਾਸਟਰ ਕੁਲਵੰਤ ਸਿੰਘ, ਪ੍ਰੋ: ਦਰਸ਼ਨ ਸਿੰਘ ਬਸਰਾ, ਹਰਦਿਆਲ ਸਿੰਘ ਰਿਆੜ, ਜੋਗਿੰਦਰ ਸਿੰਘ, ਨਵਜੋਤ ਸਿੰਘ ਆਦਿ ਹਾਜ਼ਰ ਸਨ।
ਪਿੰਡ ਭਾਮ 'ਚ ਲੋਕ ਸਟਾਫ਼ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਘੰਟਿਆਂਬੱਧੀ ਲੱਗੇ ਲਾਈਨਾਂ 'ਚ
ਹਰਚੋਵਾਲ, (ਢਿੱਲੋਂ, ਭਾਮ)-ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡ ਭਾਮ, ਭਾਮੜੀ, ਹਰਚੋਵਾਲ, ਮੂੜ, ਵਰਿਅਹ, ਰਜੋਆ, ਔਲਖ ਖੁਰਦ, ਔਲਖ ਬੇਟ, ਔਲਖ ਕਲਾਂ ਆਦਿ ਪਿੰਡਾਂ 'ਚ 'ਅਜੀਤ' ਦੀ ਟੀਮ ਵਲੋਂ ਦੌਰਾ ਕੀਤਾ ਗਿਆ ਤਾਂ ਵੇਖਣ ਨੂੰ ਮਿਲਿਆ ਕਿ ਸਾਰੇ ਪਿੰਡਾਂ ਵਿਚ 3 ਵਜੇ ਤੱਕ ਕਰੀਬ 50 ਫ਼ੀਸਦੀ ਹੀ ਵੋਟਾਂ ਹੀ ਪਈਆਂ ਅਤੇ ਘਰੇਲੂ ਔਰਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਸਵੇਰੇ 11 ਵਜੇ ਤੋਂ ਆ ਕੇ ਵੋਟਿੰਗ ਬੂਥਾਂ 'ਤੇ ਲਾਈਨਾਂ 'ਚ ਖੜ੍ਹੀਆਂ ਹਨ, ਪਰ 3 ਵੱਜਣ ਤੱਕ ਵੀ ਸਾਡੀ ਵਾਰੀ ਨਹੀਂ ਆਈ, ਜਿਸ ਦਾ ਮੁੱਖ ਦੋਸ਼ ਸਟਾਫ਼ ਦੀ ਢਿੱਲੀ ਕਾਰਗੁਜਾਰੀ ਪਾਈ ਗਈ। ਇਸ ਪ੍ਰਤੀ ਪਿੰਡ ਭਾਮ ਵਿਖੇ ਰਿਟਾਇਰਡ ਮਾ. ਚੰਨਣ ਸਿੰਘ ਅਤੇ ਮਾ. ਦਵਿੰਦਰ ਸਿੰਘ ਪੱਪੀ ਨੇ ਦੱਸਿਆ ਕਿ ਸਟਾਫ਼ ਨੂੰ ਸਿੱਖਿਅਤ ਨਹੀਂ ਕੀਤਾ ਗਿਆ, ਜਿਸ ਕਰਕੇ ਇਹ ਦੇਰੀ ਹੋਈ ਹੈ।
ਪਿੰਡ ਝੰਜੀਆਂ ਕਲਾਂ ਅਤੇ ਸਾਰਚੂਰ ਵਾਸੀਆਂ ਵਲੋਂ ਵੋਟਰ ਸੂਚੀਆਂ 'ਚ ਹੋਈ ਹੇਰਾਫੇਰੀ ਨੂੰ ਲੈ ਕੇ ਰੋਸ ਵਿਖਾਵਾ
ਅਲੀਵਾਲ, (ਅਵਤਾਰ ਸਿੰਘ ਰੰਧਾਵਾ)-ਅੱਜ ਹਲਕਾ ਫਤਹਿਗੜ੍ਹ ਚੂੜੀਆਂ ਅੰਦਰਲੇ ਪਿੰਡਾਂ ਅੰਦਰ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਸਬੰਧੀ ਕਾਗਜ਼ਾਤਾਂ 'ਚ ਹੇਰਾਫੇਰੀ ਕਰਨ ਦੀ ਚਰਚਾ ਮੱਠੀ ਨਹੀਂ ਹੋਈ, ਜਦਕਿ ਅੱਜ ਸਵੇਰੇ ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਮੌਕੇ ਵੋਟਰ ਸੂਚੀਆਂ 'ਚ ਕੀਤੀ ਗਈ ਹੇਰਾਫੇਰੀ ਸਬੰਧੀ ਵੱਖ-ਵੱਖ ਪਿੰਡਾਂ ਅੰਦਰ ਖੜੇ ਉਮੀਦਵਾਰਾਂ ਅਤੇ ਹੋਰ ਵੋਟਰਾਂ ਨੇ ਰੋਸ ਵਿਖਾਵੇ ਕਰਕੇ ਚੋਣਾਂ ਰੱਦ ਕਰਨ ਦੀ ਆਵਾਜ਼ ਉਠਾਈ। ਇਸ ਮੌਕੇ ਪਿੰਡ ਝੰਜੀਆਂ ਦੇ ਉਮੀਦਵਾਰ ਸਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਪਿੰਡ ਦੇ ਹੀ ਇਕ ਉਮੀਦਵਾਰ ਨਾਲ ਚੋਣ ਲੜ ਰਹੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਬਲਾਕ ਵਿਚੋਂ ਕਰੀਬ 15 ਦਿਨ ਪਹਿਲਾਂ ਲਈਆਂ ਗਈਆਂ ਵੋਟਰ ਸੂਚੀਆਂ ਜੋ ਸਹੀ ਸਨ, ਉਨ੍ਹਾਂ ਮੁਤਾਬਿਕ ਅਤੇ ਚੋਣ ਅਮਲੇ ਕੋਲ ਜਿਹੜੀ ਸੂਚੀ ਹੈ, ਉਸ ਉੱਪਰ ਉਨ੍ਹਾਂ ਦੇ ਪੱਖ ਦੀਆਂ ਵੋਟਾਂ ਕੱਟੀਆਂ ਗਈਆਂ ਹਨ ਅਤੇ ਕੁਝ ਨਾਂਅ ਹੀ ਗਲਤ ਛਾਪੇ ਗਏ ਹਨ, ਜਿਨ੍ਹਾਂ ਕਰਕੇ ਸਾਡੀ ਜਿੱਤ, ਹਾਰ ਬਣ ਕੇ ਸਾਹਮਣੇ ਆ ਗਈ ਹੈ। ਇਸੇ ਤਰ੍ਹਾਂ ਸਾਰਚੂਰ ਵਾਸੀਆਂ ਨੇ ਜਬਰਦਸਤ ਰੋਸ ਦਾ ਮੁਜ਼ਾਹਰਾ ਕਰਦਿਆਂ ਉਮੀਦਵਾਰ ਕਰਮਜੀਤ ਸਿੰਘ ਸਮੇਤ ਦੱਸਿਆ ਕਿ ੳਹ ਪਿੰਡ ਦੇ ਪ੍ਰਮਜੀਤ ਸਿੰਘ ਉਮੀਦਵਾਰ ਨਾਲ ਸਰਪੰਚੀ ਦੀ ਚੋਣ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਅੰਦਰ ਕੰਮ ਕਰ ਰਹੇ ਅਮਲੇ ਕੋਲ ਜਿਹੜੀ ਸੂਚੀ ਹੈ, ਉਸ ਉਪਰ ਪਿੰਡ ਦੇ ਬਜ਼ੁਰਗਾਂ ਦੀਆਂ ਕੁਝ ਵੋਟਾਂ ਨਹੀਂ ਹਨ, ਉਹ ਸਾਡੇ ਵਾਲੀ ਅਸਲ ਵੋਟਰ ਸੂਚੀ ਨਾਲ ਮੇਲ ਹੀ ਨਹੀਂ ਖਾ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਹੋਈ ਇਸ ਹੇਰਾਫੇਰੀ ਕਾਰਨ ਉਨ੍ਹਾਂ ਦੀਆਂ ਵੱਡੀ ਗਿਣਤੀ 'ਚ ਵੋਟਾਂ ਨਹੀਂਂ ਪਈਆਂ। ਉਨ੍ਹਾਂ ਕਿਹਾ ਕਿ ਮਿਲੀਭੁਗਤ ਨਾਲ ਹੋਈ ਇਸ ਧੋਖੇਬਾਜ਼ੀ ਕਾਰਨ ਲੋਕ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਅੰਦਰ ਦੋਬਾਰਾ ਨਿਰਪੱਖ ਚੋਣਾਂ ਕਰਵਾਈਆਂ ਜਾਣ।
ਬਜ਼ੁਰਗਵਾਲ ਪਿੰਡ ਦੀ ਚੋਣ ਰੱਦ
ਵਡਾਲਾ ਬਾਂਗਰ, (ਭੁੰਬਲੀ)-ਪਿੰਡ ਬਜ਼ੁਰਗਵਾਲ ਵਿਚ ਦੋਵਾਂ ਧੜਿਆਂ ਦਰਮਿਆਨ ਲੜਾਈ ਤੋਂ ਬਾਅਦ ਚੋਣ ਅੱਗੇ ਪਾ ਦਿੱਤੀ ਗਈ। ਚੋਣ ਲੜ ਰਹੇ ਉਮੀਦਵਾਰ ਹਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ 10 ਕੁ ਵਜੇ ਦੇ ਕਰੀਬ 5-7 ਗੱਡੀਆਂ ਵਿਚ ਸਵਾਰ ਹੋ ਕੇ ਕੁਝ ਅਣਪਛਾਤੇ ਵਿਅਕਤੀ ਆਏ। ਉਨ੍ਹਾਂ ਆਉਂਦਿਆਂ ਹੀ ਬੂਥ 'ਤੇ ਕਬਜ਼ਾ ਕਰ ਲਿਆ ਤੇ ਦੂਜੇ ਉਮੀਦਵਾਰ ਦੇ ਹੱਕ 'ਚ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਵਿਰੋਧ ਕਰਨ 'ਤੇ ਲੜਾਈ ਵਧ ਗਈ ਤੇ ਸ਼ਰਾਰਤੀਆਂ ਵਲੋਂ ਲੋਕਾਂ ਦੀ ਭੀੜ ਤੋਂ ਬਚਣ ਲਈ ਗੋਲੀਆਂ ਚਲਾ ਦਿੱਤੀਆਂ। ਪੋਲਿੰਗ ਪਾਰਟੀ ਵਲੋਂ ਉੱਚ ਅਧਿਕਾਰੀਆਂ ਨੂੰ ਬੂਥ 'ਤੇ ਕਬਜ਼ਾ ਹੋਣ ਦੀ ਸ਼ਿਕਾਇਤ ਕਰਨ 'ਤੇ ਵੋਟਾਂ ਦੀ ਪ੍ਰਕਿਰਿਆ ਰੱਦ ਕਰਕੇ ਚੋਣ ਅੱਗੇ ਪਾ ਦਿੱਤੀ ਗਈ।
ਬਲਾਕ ਕਲਾਨੌਰ ਅਧੀਨ 9 ਪੰਚਾਇਤਾਂ ਦੀ ਚੋਣ ਤਲਖੀਪੁੂਰਨ ਮਾਹੌਲ 'ਚ ਸਮਾਪਤ
ਕਲਾਨੌਰ, (ਕਾਹਲੋਂ, ਪੁਰੇਵਾਲ)-ਬਲਾਕ ਕਲਾਨੌਰ ਅਧੀਨ ਅੱਜ ਪਿੰਡ ਨੜਾਂਵਾਲੀ, ਲੱਖਣ ਕਲਾਂ, ਬਿਸ਼ਨਕੋਟ, ਸਾਹਲੇ ਚੱਕ, ਸਹੂਰ ਕਲਾਂ, ਕੋਟ ਮੀਆਂ ਸਾਹਿਬ, ਵਡਾਲਾ ਬਾਂਗਰ, ਕਾਲਾ ਗੁਰਾਇਆ ਅਤੇ ਬਖਤਪੁਰ 'ਚ ਚੋਣ ਪ੍ਰੀਕਿਰਿਆ ਸਮਾਪਤ ਹੋਈ। ਇਸ ਮੌਕੇ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ, ਪਰ ਇੱਕਾ-ਦੁੱਕਾ ਘਟਨਾਵਾਂ ਅਤੇ ਤਲਖੀਪੂਰਨ ਮਾਹੌਲ ਦੇ ਚਲਦਿਆਂ ਚੋਣਾਂ ਸ਼ਾਂਤੀ ਪੂਰਵਕ ਮੁਕੰਮਲ ਹੋ ਗਈਆਂ। ਅਸ਼ਵਨੀ ਕੁਮਾਰ ਏਰੀਆ ਸਕੱਤਰ ਸੀ.ਪੀ.ਆਈ.ਐੱਮ.ਐੱਲ. ਨੇ ਦੱਸਿਆ ਕਿ ਪਿੰਡ ਨੜਾਂਵਾਲੀ ਵਿਖੇ ਵਿਰੋਧੀ ਧਿਰ ਨੇ ਉਨ੍ਹਾਂ ਦੀ ਪਾਰਟੀ ਦੇ ਪੋਲਿੰਗ ਏਜੰਟ ਨੂੰ ਜਦੋਂ ਬਾਹਰ ਕੱਢ ਦਿੱਤਾ ਤਾਂ ਉਸ ਨੇ ਸਾਨੂੰ ਫੋਨ ਕਰਕੇ ਜਾਣੂ ਕਰਵਾਇਆ ਤਾਂ ਸੀ.ਪੀ.ਐੱਮ.ਐੱਲ. ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਸਮੇਤ ਅਸੀਂ ਪੋਲਿੰਗ ਬੂਥ 'ਤੇ ਪਹੁੰਚੇ ਤਾਂ ਦੋਹਾਂ ਪਾਰਟੀਆਂ ਦਰਮਿਆਨ ਤਕਰਾਰ ਹੋ ਗਿਆ, ਜਿਸ 'ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਗੁਰਮੀਤ ਸਿੰਘ ਦੀ ਲੱਤ ਤੋੜ ਦਿੱਤੀ ਗਈ, ਜੋ ਕਿ ਗੁਰਦਾਸਪੁਰ ਵਿਖੇ ਇਲਾਜ ਅਧੀਨ ਹੈ। ਉੱਧਰ ਵਿਰੋਧੀ ਧਿਰ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਾਮਰੇਡਾਂ ਨੇ ਪੋਲਿੰਗ ਬੂਥ ਦੇ ਅੰਦਰ ਆ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਵਲੋਂ ਵਿਰੋਧ ਕਰਨ 'ਤੇ ਗੁਰਮੀਤ ਸਿੰਘ ਬਖਤਪੁਰਾ, ਜਦੋਂ ਸਕੂਲ ਦੀ ਚਾਰਦੀਵਾਰੀ ਟੱਪ ਕੇ ਬਾਹਰ ਨਿਕਲਣ ਲੱਗਾ ਤਾਂ ਇਸ ਦੌਰਾਨ ਹਾਦਸਾਗ੍ਰਸਤ ਹੋ ਗਿਆ ਹੋਵੇਗਾ, ਪਰ ਉਨ੍ਹਾਂ 'ਤੇ ਲੱਤ ਤੋੜਨ ਦਾ ਲਾਇਆ ਜਾ ਰਿਹਾ ਇਲਜਾਮ ਬੇਬੁਨਿਆਦ ਹੈ। ਉੱਧਰ ਪਿੰਡ ਕੋਟ ਮੀਆਂ ਸਾਹਿਬ ਵਿਖੇ ਬੂਥ ਨੰ: 74 'ਤੇ ਵੀ ਜਾਅਲੀ ਵੋਟਾਂ ਪਾਉਣ ਤੋਂ ਦੋਹਾਂ ਧਿਰਾ ਦਰਮਿਆਨ ਸਥਿਤੀ ਤਣਾਅਪੂਰਨ ਹੋ ਗਈ, ਜਿਸ 'ਤੇ ਪੁਲਿਸ ਵਲੋਂ ਹਾਲਾਤਾਂ 'ਤੇ ਕਾਬੂ ਪਾਇਆ ਗਿਆ। ਸਰਪੰਚ ਦੀ ਉਮੀਦਵਾਰ ਇੰਦਰਜੀਤ ਕੌਰ ਨੇ ਵਿਰੋਧੀ ਧਿਰ 'ਤੇ ਜਾਅਲੀ ਵੋਟਾਂ ਭੁਗਤਾਉਣ ਅਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਬਲਾਕ ਕਲਾਨੌਰ ਅਧੀਨ ਹੋਈਆਂ ਚੋਣਾਂ ਕਾਂਗਰਸ ਬਨਾਮ ਕਾਂਗਰਸ ਦੇ ਉਮੀਦਵਾਰ ਦਰਮਿਆਨ ਹੀ ਸਖ਼ਤ ਮੁਕਾਬਲਾ ਰਿਹਾ।
ਬਲਾਕ ਫ਼ਤਹਿਗੜ੍ਹ ਚੂੜੀਆਂ ਦੇ 43 ਪਿੰਡਾਂ 'ਚ ਪਈਆਂ ਵੋਟਾਂ
ਫਤਹਿਗੜ੍ਹ ਚੂੜੀਆਂ, (ਧਰਮਿੰਦਰ ਸਿੰਘ ਬਾਠ, ਐੱਮ.ਐੱਸ. ਫੁੱਲ)-ਬਲਾਕ ਫਤਹਿਗੜ੍ਹ ਚੂੜੀਆਂ ਦੇ ਪਿੰਡਾਂ 'ਚ ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਸਮਾਪਤ ਹੋ ਗਈਆਂ। ਬਲਾਕ ਫਤਹਿਗੜ੍ਹ ਚੂੜੀਆਂ ਦੇ 43 ਜਿਨ੍ਹਾਂ 'ਚੋਂ 38 ਪਿੰਡਾਂ 'ਚ ਸਰਪੰਚ ਅਤੇ ਪੰਚਾਂ ਲਈ ਵੋਟਾਂ ਪਈਆਂ, ਜਦਕਿ 5 ਪਿੰਡਾਂ 'ਚ ਸਰਪੰਚਾਂ ਦੇ ਬਿਨਾਂ ਮੁਕਾਬਲਾ ਚੁਣੇ ਜਾਣ ਕਾਰਨ ਸਿਰਫ਼ ਪੰਚਾਂ ਲਈ ਹੀ ਵੋਟਾਂ ਪਾਈਆਂ ਗਈਆਂ। ਅੱਜ ਪੰਚਾਇਤੀ ਚੋਣਾਂ ਲਈ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਵੋਟਰਾਂ ਨੂੰ ਵੋਟਾਂ ਪਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ 'ਚ ਕਈ-ਕਈ ਘੰਟੇ ਵੋਟ ਪਾਉਣ ਲਈ ਇੰਤਜਾਰ ਕਰਨਾ ਪਿਆ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਕੁੜੀਆਂ ਮੁੰਡਿਆਂ ਵੋਟ ਪਾਉਣ ਲਈ ਕਾਫ਼ੀ ਉਤਸੁਕ ਦਿਖਾਈ ਦਿੱਤੇ।

ਵਰਸੋਲਾ ਤੋਂ ਹਰਪ੍ਰੀਤ ਸਿੰਘ ਗੋਲਡੀ ਅਤੇ ਚੌੜ ਤੋਂ ਰਵਿੰਦਰ ਕੌਰ ਜੇਤੂ
ਵਰਸੋਲਾ, (ਵਰਿੰਦਰ ਸਹੋਤਾ)-ਅੱਜ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਰਸੋਲਾ ਤੋਂ ਹਰਪ੍ਰੀਤ ਸਿੰਘ ਗੋਲਡੀ ਅਤੇ ਪਿੰਡ ਚੌੜ ਤੋਂ ਰਵਿੰਦਰ ਕੌਰ ਪਤਨੀ ਪ੍ਰਗਟ ਸਿੰਘ ਜੇਤੂ ਰਹੀ। ਵੋਟਾਂ ਪੈਣ ਦਾ ਇਹ ਕੰਮ ਅਮਨ ਅਮਾਨ ਨਾਲ ਮੁਕੰਮਲ ਹੋਇਆ। ਪਿੰਡ ਵਰਸੋਲਾ ਤੋਂ ਜੇਤੂ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਨੂੰ 222 ਵੋਟਾਂ ਪਈਆਂ। ਜਦੋਂ ਕਿ ਉਨਾਂ ਦੇ ਮੁਕਾਬਲੇ ਖੜੇ ਉਮੀਦਵਾਰ ਮਨਜੋਤ ਸਿੰਘ ਨੂੰ 208 ਅਤੇ ਗੁਰਵਿੰਦਰ ਸਿੰਘ ਵਿੱਕੀ ਨੂੰ 182 ਵੋਟਾਂ ਪਈਆਂ। ਇਸੇ ਦੌਰਾਨ ਪਿੰਡ ਚੌੜ ਤੋਂ ਰਵਿੰਦਰ ਕੌਰ ਪਤਨੀ ਪ੍ਰਗਟ ਸਿੰਘ 27 ਵੋਟਾਂ ਨਾਲ ਆਪਣੀ ਵਿਰੋਧੀ ਉਮੀਦਵਾਰ ਮਨਜੀਤ ਕੌਰ ਪਤਨੀ ਬੂਆ ਸਿੰਘ ਨੂੰ ਹਰਾ ਕੇ ਜੇਤੂ ਰਹੀ। ਪਰ ਖ਼ਬਰ ਲਿਖੇ ਜਾਣ ਤੱਕ ਪਿੰਡ ਹਰਦੋਛੰਨੀ ਅਤੇ ਚੱਗੂਵਾਲ ਦੀਆਂ ਸਰਪੰਚੀ ਦੀਆਂ ਵੋਟਾਂ ਲਈ ਗਿਣਤੀ ਜਾਰੀ ਸੀ। ਜੇਤੂ ਰਹੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਮਰਥਾਂ ਵਲੋਂ ਜਿੱਤ ਦੀ ਖ਼ੁਸ਼ੀ ਵਿਚ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ।


ਹਰਜਿੰਦਰ ਕੌਰ ਨਵਾਂ ਪਿੰਡ ਦੀ ਸਰਪੰਚ ਬਣੀ
ਫਤਹਿਗੜ੍ਹ ਚੂੜੀਆਂ, 30 ਦਸੰਬਰ (ਐੱਮ.ਐੱਸ. ਫੁੱਲ)-ਗੋਲਡਨ ਕਾਲੋਨੀ ਨਵਾਂ ਪਿੰਡ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸਿਆਣਪ ਦਾ ਸਬੂਤ ਦਿੰਦਿਆਂ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣ ਲਈ ਗਈ। ਇਸ ਪੰਜ ਮੈਂਬਰੀ ਪੰਚਾਇਤ 'ਚ ਸਰਪੰਚ ਸ੍ਰੀਮਤੀ ਹਰਜਿੰਦਰ ਕੌਰ, ਪੰਚ ਇਕਬਾਲ ਸਿੰਘ, ਕਸ਼ਮੀਰ ਸਿੰਘ, ਰੇਸ਼ਮ ਸਿੰਘ ਤੇ ਹਰਜਿੰਦਰ ਕੌਰ ਨੂੰ ਪਿੰਡ ਵਾਸੀਆਂ ਵਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਹਰਜਿੰਦਰ ਕੌਰ ਨੇ ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਅਤੇ ਕੰਵਰਪ੍ਰਤਾਪ ਸਿੰਘ ਅਜਨਾਲਾ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਬਲਕਾਰ ਸਿੰਘ ਨਵਾਂ ਪਿੰਡ, ਆੜ੍ਹਤੀ ਨਰਿੰਦਰ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਜੈਵੀਰ ਸਿੰਘ, ਮਾ. ਗੁਰਦੇਵ ਸਿੰਘ, ਗੁਰਮੀਤ ਸਿੰਘ, ਪਲਵਿੰਦਰ ਸਿੰਘ ਫ਼ੌਜੀ, ਸੁਖਵਿੰਦਰ ਸਿੰਘ ਲੰਬੜਦਾਰ, ਅਵਤਾਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਆਦਿ ਹਾਜ਼ਰ ਸਨ।

ਬੇਟ ਇਲਾਕੇ 'ਚ ਪੰਚਾਇਤੀ ਚੋਣਾਂ 'ਚ ਕਾਂਗਰਸ ਦੀ ਹੋਈ ਹੂੰਝਾ ਫੇਰ ਜਿੱਤ

ਪੁਰਾਣਾ ਸ਼ਾਲਾ, 30 ਦਸੰਬਰ (ਗੁਰਵਿੰਦਰ ਸਿੰਘ ਗੁਰਾਇਆ)-ਅੱਜ ਪੰਚਾਇਤੀ ਚੋਣਾਂ ਦੇ ਆਏ ਨਤੀਜਿਆਂ ਦੇ ਰੁਝਾਨ ਦੌਰਾਨ ਪੁਰਾਣਾ ਸ਼ਾਲਾ ਸਰਕਲ ਨਾਲ ਸਬੰਧਿਤ ਬੇਟ ਖੇਤਰ ਦੀ ਸਾਰੀ ਬੈਲਟ 'ਤੇ ਵੱਖ-ਵੱਖ ਪਿੰਡਾਂ ਅੰਦਰ ਕਾਂਗਰਸ ਪੱਖੀ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਵਲੋਂ ਹੂੰਝਾ ਫੇਰ ਜਿੱਤ ਦਰਜ ਕਰਕੇ ਪਿੰਡ ਪੱਧਰ 'ਤੇ ਕਾਂਗਰਸ ਵਲੋਂ ਮੁੜ ਨਵਾਂ ਸਿਆਸੀ ਇਤਿਹਾਸ ਰਚਿਆ ਹੈ। ਜਿਸ ਕਾਰਨ ਇਲਾਕੇ ਭਰ ਅੰਦਰ ਕਾਂਗਰਸੀ ਸਮਰਥਕਾਂ ਅਤੇ ਵਰਕਰਾਂ ਅੰਦਰ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਚੰਦਰਭਾਨ ਤੋਂ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਮੇਘੀਆਂ ਤੋਂ ਮੀਨਾ ਕੁਮਾਰੀ ਪਤਨੀ ਕਾਂਗਰਸੀ ਆਗੂ ਸੁਭਾਸ਼ ਚੰਦਰ, ਰਸੂਲਪੁਰ ਬੇਟ ਤੋਂ ਕਾਂਗਰਸੀ ਆਗੂ ਭੁਪਿੰਦਰ ਸੇਖਵਾਂ ਦੇ ਧੜੇ ਵਲੋਂ, ਬਲਬੀਰ ਸਿੰਘ ਜਗਤਪੁਰ ਖਾਰੀਆਂ ਤੋਂ ਉੱਘੇ ਸਮਾਜ ਸੇਵੀ ਇੰਸਪੈਕਟਰ ਕਸ਼ਮੀਰ ਸਿੰਘ ਦੇ ਧੜੇ ਵਲੋਂ, ਰਾਜ ਕੁਮਾਰ ਰਾਜੂ ਪੁਰਾਣਾ ਸ਼ਾਲਾ ਤੋਂ ਟਹਿਲ ਸਿੰਘ ਦੇ ਧੜੇ ਵਲੋਂ, ਪੱਖੋਵਾਲ ਤੋਂ ਦਲਬੀਰ ਚੰਦ ਅਤੇ ਸੈਦੋਵਾਲ ਕਲਾਂ ਤੋਂ ਮਲਕੀਅਤ ਸਿੰਘ ਵਲੋਂ ਸਰਪੰਚੀ ਦੀ ਮਾਲੀ ਜਿੱਤ ਕੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ ਅਤੇ ਇਸੇ ਤਰ੍ਹਾਂ ਹੀ ਪਿੰਡ ਚੰਦਰਭਾਨ ਤੋਂ ਕਾਂਗਰਸ ਧੜੇ ਨਾਲ ਸਬੰਧਿਤ ਸੁਖਦੇਵ ਰਾਜ, ਜਸਵਿੰਦਰ ਸਿੰਘ, ਸਲਵਿੰਦਰ ਸਿੰਘ ਅਤੇ ਸਵਰਨੀ ਚਾਰ ਪੰਚ ਜੇਤੂ ਰਹੇ ਹਨ। ਜਦੋਂ ਕਿ ਦੋ ਪੰਚ ਅਕਾਲੀ/ਭਾਜਪਾ ਧੜੇ ਦੇ ਜੇਤੂ ਰਹੇ ਹਨ। ਰਸੂਲਪੁਰ ਤੋਂ ਮਨਜੀਤ ਕੌਰ, ਨਿਰਮਲ ਕੌਰ ਅਤੇ ਨੰਦ ਮਸੀਹ ਕਾਂਗਰਸ ਵਲੋਂ ਅਤੇ ਅਕਾਲੀ/ਭਾਜਪਾ ਵਲੋਂ ਸੁਰਿੰਦਰ ਸਿੰਘ ਅਤੇ ਨਿਰਵੈਰ ਸਿੰਘ ਜੇਤੂ ਰਹੇ ਹਨ। ਪਿੰਡ ਮੇਘੀਆਂ ਤੋਂ ਕਾਂਗਰਸ ਦੀ ਜੋਤੀ ਰਾਜਿੰਦਰ ਕੌਰ ਅਤੇ ਨਿਰਮਲ ਮਸੀਹ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਜਦੋਂ ਕਿ ਅਕਾਲੀ/ਭਾਜਪਾ ਦੇ ਬਲਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਜੇਤੂ ਰਹੇ ਹਨ। ਜਗਤਪੁਰ ਖਾਰੀਆਂ ਤੋਂ ਬਲਵਿੰਦਰ ਕੌਰ, ਕਮਲੇਸ਼ ਕੁਮਾਰੀ, ਦੇਸ ਰਾਜ ਜੀਤੋ ਅਤੇ ਹੀਰਾ ਲਾਲ ਕਾਂਗਰਸ ਧੜੇ ਵਲੋਂ ਸਾਰੇ ਮੈਂਬਰ ਜੇਤੂ ਰਹੇ ਹਨ। ਜਦੋਂ ਕਿ ਵਿਰੋਧੀ ਧਿਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰਾਂ ਹੀ ਪਿੰਡ ਸੈਦੋਵਾਲ ਕਲਾਂ ਤੋਂ ਜੇਤੂ ਰਹੇ ਸਰਪੰਚ ਮਲਕੀਤ ਸਿੰਘ ਦੇ ਧੜੇ ਨਾਲ ਸਬੰਧਿਤ ਠਾਕੁਰ ਰਾਮ ਲਾਲ, ਸ਼ਿੰਦਾ ਮਸੀਹ, ਸਰਿਸ਼ਟਾ ਭਗਤ, ਬਲਬੀਰ ਮਹਿਰਾ ਅਤੇ ਬੋਧ ਰਾਜ ਮਹਿਰਾ ਵਲੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਜਦੋਂ ਕਿ ਵਿਰੋਧੀ ਧਿਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਲਾਕੇ ਅੰਦਰ ਹੋਈ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ 'ਤੇ ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਮੇਘੀਆਂ, ਸੁਖਵਿੰਦਰ ਸਿੰਘ ਚੰਦਰਭਾਨ ਅਤੇ ਭੁਪਿੰਦਰ ਸਿੰਘ ਸੇਖਵਾਂ ਵਲੋਂ ਜੇਤੂ ਰਹੇ। ਉਕਤ ਪੰਚਾਂ-ਸਰਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਪੱਖੀ ਪੰਚਾਇਤਾਂ ਦੀ ਹੋਈ ਜਿੱਤ ਨਾਲ ਅਕਾਲੀ/ਭਾਜਪਾ ਦੇ ਸਾਰੇ ਭੁਲੇਖੇ ਦੂਰ ਹੋ ਚੁੱਕੇ ਹਨ ਅਤੇ ਲੋਕ ਪੂਰੀ ਤਰਾਂ ਅਕਾਲੀ/ਭਾਜਪਾ ਦੇ ਉਮੀਦਵਾਰਾਂ ਨੂੰ ਨਕਾਰ ਚੁੱਕੇ ਹਨ। ਜਦੋਂ ਕਿ ਉਹ ਪੰਚਾਇਤੀ ਚੋਣਾਂ ਦੀ ਤਰਜ਼ 'ਤੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਵੀ ਹੂੰਝਾ ਫੇਰ ਜਿੱਤ ਹਾਸਲ ਕਰਨਗੇ।
ਬੀਬੀ ਕੁਲਦੀਪ ਕੌਰ ਦੂਜੀ ਵਾਰ ਸੰਗਤਪੁਰਾ ਦੇ ਬਿਨਾਂ ਮੁਕਾਬਲਾ ਸਰਪੰਚ ਬਣੇ
ਬਟਾਲਾ, 30 ਦਸੰਬਰ (ਸੁਖਦੇਵ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਅਧੀਨ ਆਉਂਦੇ ਪਿੰਡ ਸੰਗਤਪੁਰਾ 'ਚ ਬੀਬੀ ਕੁਲਦੀਪ ਕੌਰ ਪਤਨੀ ਗੁਰਬਖਸ਼ ਸਿੰਘ ਸਾਬਕਾ ਪ੍ਰਧਾਨ ਦਿਹਾਤੀ ਕਾਂਗਰਸੀ ਬਿਨਾ ਮੁਕਾਬਲਾ ਸਰਪੰਚ ਚੁਣੇ ਗਏ। ਬੀਬੀ ਕੁਲਦੀਪ ਕੌਰ, ਜੋ ਦੂਜੀ ਵਾਰ ਪਿੰਡ ਦੀ ਅਗਵਾਈ ਕਰਨਗੇ ਅਤੇ ਉਨ੍ਹਾਂ ਦੇ ਨਾਲ ਫ਼ਤਹਿ ਸਿੰਘ, ਪਲਵਿੰਦਰ ਸਿੰਘ, ਬੀਬੀ ਹਰਭਜਨ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ (ਸਾਰੇ ਪੰਚ) ਚੁਣੇ ਗਏ। ਪ੍ਰਧਾਨ ਗੁਰਬਖਸ਼ ਸਿੰਘ ਸੰਗਤਪੁਰਾ ਨੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਭਰੋਸੇ 'ਤੇ ਪੂਰੇ ਉਤਰਨਗੇ ਅਤੇ ਪਿੰਡ ਦੀ ਸੇਵਾ ਨਿਰੰਤਰ ਕਰਦੇ ਰਹਿਣਗੇ। ਇਸ ਮੌਕੇ ਮਲਕੀਤ ਸਿੰਘ, ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।

ਬਲਵਿੰਦਰ ਕੌਰ ਪਿੰਡ ਖਜਾਲਾ ਦੇ ਸਰਪੰਚ ਬਣੇ
ਸ੍ਰੀ ਹਰਗੋਬਿੰਦਪੁਰ, 30 ਦਸੰਬਰ (ਘੁੰਮਣ)-ਪਿੰਡ ਖਜਾਲਾ ਵਿਚੋਂ ਨਵੀਂ ਵੱਖਰੀ ਹੋਈ ਪੰਚਾਇਤ ਵਿਚ ਮੁਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਪੰਚਾਇਤ ਮੈਂਬਰਾਂ ਅਤੇ ਸਰਪੰਚ ਦੀ ਚੋਣ ਕੀਤੀ ਗਈ, ਜਿਸ ਵਿਚ ਸਰਪੰਚ ਬਲਵਿੰਦਰ ਕੌਰ ਪਤਨੀ ਮੰਗਲ ਸਿੰਘ, ਹੀਰਾ ਸਿੰਘ, ਰਾਜ ਕੁਮਾਰ, ਕੁਲਦੀਪ ਸਿੰਘ, ਸੰਤੋਖ ਸਿੰਘ, ਕਰਮਜੀਤ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਨਵ-ਨਿਯੁਕਤ ਸਰਪੰਚ ਦੇ ਪਤੀ ਕਾਂਗਰਸ ਆਗੂ ਮੰਗਲ ਸਿੰਘ ਵਲੋਂ ਗੱਲਬਾਤ ਕਰਦਿਆਂ ਕਿਹਾ ਕਿ ਐੱਮ.ਐੱਲ.ਏ. ਦੇ ਸਹਿਯੋਗ ਨਾਲ ਬਿਨਾਂ ਵਿਤਕਰਾ ਪਿੰਡ ਦਾ ਵਿਕਾਸ ਕੀਤਾ ਜਾਵੇਗਾ।

ਜਗਦੀਪ ਕੌਰ ਚੱਕ ਮਹਿਮਾ ਦੇ ਸਰਪੰਚ ਬਣੇ
ਧਿਆਨਪੁਰ, 30 ਦਸੰਬਰ (ਸਰਬਜੀਤ ਸਿੰਘ ਰਿਆੜ)-ਪਿੰਡ ਚੱਕ ਮਹਿਮਾ ਦੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਸਾਬੀ ਦੀ ਧਰਮਪਤਨੀ ਜਗਦੀਪ ਕੌਰ ਸਰਬਸੰਮਤੀ ਨਾਲ ਸਰਪੰਚ ਬਣੇ ਅਤੇ ਮੈਂਬਰ ਬਲਵਿੰਦਰ ਸਿੰਘ, ਗੁਰੁਦੀਪ ਸਿੰਘ ਸਵਰਨ ਮਸੀਹ, ਕੁਲਜੀਤ ਕੌਰ, ਤਜਿੰਦਰ ਕੌਰ ਬਣੇ। ਇਸ ਮੌਕੇ ਨਵੀਂ ਬਣੀ ਪੰਚਾਇਤ ਵਲੋਂ ਗੁਰਦੁਆਰਾ ਬਾਬਾ ਮਹਿਮਾ ਸਾਹਿਬ ਵਿਖੇ ਪਿੰਡ ਦੇ ਮੁਹਤਬਰਾਂ ਨਾਲ ਮੱਥਾ ਟੇਕਿਆ। ਇਸ ਮੌਕੇ ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ, ਜੋਗਿੰਦਰ ਸਿੰਘ, ਦਲੀਪ ਸਿੰਘ, ਹਰਭਜਨ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਬਾਬਾ ਸਤਨਾਮ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ ਮਹੰਤ, ਗੁਰਜੀਤ ਸਿੰਘ, ਹਰਦੀਪ ਸਿੰਘ, ਡਾ: ਪ੍ਰੀਤਮ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਜਗੀਰ ਸਿੰਘ, ਗੁਰਦਿਆਲ ਸਿੰਘ, ਜੋਗਿੰਦਰ ਮਸੀਹ, ਅਮਰੀਕ ਮਸੀਹ, ਸੁਲੱਖਣ ਮਸੀਹ, ਚੈਨ ਲੰਬੜਦਾਰ, ਪਵਨ ਮਸੀਹ, ਬਾਊ ਮਸੀਹ, ਬਿੱਲ ਮਸੀਹ, ਮੱਖਣ ਮਸੀਹ, ਸੁਲੱਖਣ ਮਸੀਹ, ਲਾਡੀ, ਜਗਦੀਸ਼ ਮਸੀਹ ਆਦਿ ਹਾਜ਼ਰ ਸਨ।

ਪਿੰਡ ਬਰਿਆਰ ਦੀ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਜੇਤੂ
ਗੁਰਦਾਸਪੁਰ, 30 ਦਸੰਬਰ (ਆਰਿਫ਼)-ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਬਰਿਆਰ ਵਿਖੇ ਪੰਚਾਇਤੀ ਚੋਣਾਂ ਦੌਰਾਨ ਅੱਜ ਸਵੇਰ ਤੋਂ ਪੈ ਰਹੀਆਂ ਵੋਟਾਂ ਤੋਂ ਬਾਅਦ ਦੇਰ ਸ਼ਾਮ ਐਲਾਨੇ ਨਤੀਜੇ ਤਹਿਤ ਕਾਂਗਰਸ ਪਾਰਟੀ ਦੀ ਸਰਪੰਚੀ ਦੀ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਲੰਬੜਦਾਰ ਜੋਗਿੰਦਰਪਾਲ ਨੇ ਵਿਰੋਧੀ ਧਿਰ ਦੀ ਅਕਾਲੀ/ਭਾਜਪਾ ਉਮੀਦਵਾਰ ਚੰਚਲ ਕੁਮਾਰੀ ਪਤਨੀ ਕਸਤੂਰੀ ਲਾਲ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ। ਇਸ ਸਬੰਧੀ ਜਦੋਂ ਸਰਪੰਚ ਸੁਖਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕੰਮਾਂ ਨੂੰ ਵੱਡੇ ਪੱਧਰ 'ਤੇ ਕਰਵਾਇਆ ਜਾਵੇਗਾ। ਉਨ੍ਹਾਂ ਨੇ ਸਰਪੰਚ ਬਣਨ ਤੋਂ ਬਾਅਦ ਟਰਾਂਸਪੋਰਟ ਮੰਤਰੀ ਅਤੇ ਹਲਕਾ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਬੈਂਸ, ਲੰਬੜਦਾਰ ਦਿਲਬਾਗ ਸਿੰਘ ਚੀਮਾ, ਕਰਨਲ ਅਜੀਤ ਸਿੰਘ, ਸਾਬਕਾ ਸਰਪੰਚ ਪਲਵਿੰਦਰ ਸਿੰਘ ਬੈਂਸ, ਐਡਵੋਕੇਟ ਕਰਨਪਾਲ ਸਿੰਘ ਚੀਮਾ, ਸਹਿਬਾਗ ਸਿੰਘ ਬੈਂਸ, ਅਮਰ ਸਿੰਘ ਬੰਮਰਾ, ਲਖਬੀਰ ਸਿੰਘ ਧਾਰੀਵਾਲ, ਫਕੀਰ ਚੰਦ, ਸਖਬੀਰ ਸਿੰਘ, ਗੁਰਮੀਤ ਕੌਰ, ਕੁਲਜੀਤ ਸਿੰਘ, ਸਲੋਮੀ, ਰਾਜ ਕੁਮਾਰੀ, ਰਾਜ ਕੁਮਾਰ ਅੱਤਰੀ, ਹੇਮ ਰਾਜ, ਹਰਜੀਤ ਸਿੰਘ ਕਾਲਾ, ਸੰਦੀਪ ਕੁਮਾਰ ਬੱਗਾ, ਹਰਭਜਨ ਸਿੰਘ ਧਾਰੀਵਾਲ ਆਦਿ ਹਾਜ਼ਰ ਸਨ।

ਪਿੰਡ ਧਾਰੋਵਾਲੀ ਤੋਂ ਸਰਬਜੀਤ ਕੌਰ 400 ਵੋਟਾਂ ਨਾਲ ਜਿੱਤੀ
ਕੋਟਲੀ ਸੂਰਤ ਮੱਲ੍ਹੀ, 30 ਦਸੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਜੱਦੀ ਪਿੰਡ ਧਾਰੋਵਾਲੀ ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਕੌਰ ਨੇ 427 ਵੋਟਾ ਦੇ ਵੱਡੇ ਫ਼ਰਕ ਨਾਲ ਆਪਣੇ 7 ਪੰਚਾਂ ਸਮੇਤ ਸ਼ਾਨਦਾਰ ਜਿੱਤ ਪ੍ਰਾਪਤ ਕਰ ਲਈ ਹੈ। ਦੱਸਣਯੋਗ ਹੈ ਕਿ ਪਿੰਡ ਧਾਰੋਵਾਲੀ 'ਚ ਇਕ ਪਾਸੇ ਜਿੱਥੇ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਰੰਧਾਵਾ ਵਲੋਂ ਆਪਣੇ ਹਮਾਇਤੀ ਜਸਵੰਤ ਸਿੰਘ ਨੂੰ ਪਿੰਡ ਦੀ ਸਰਪੰਚੀ ਲਈ ਪੰਚਾਂ ਸਮੇਤ ਚੋਣ ਮੈਦਾਨ 'ਚ ਉਤਾਰਿਆ ਹੋਇਆ ਸੀ, ਉੱਥੇ ਦੂਜੇ ਪਾਸੇ ਉਨ੍ਹਾਂ ਦੇ ਛੋਟੇ ਭਰਾਤਾ ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਆਪਣੇ ਨਜ਼ਦੀਕੀ ਹਰਜਿੰਦਰ ਸਿੰਘ ਦੀ ਪਤਨੀ ਸਰਦਾਰਨੀ ਸਰਬਜੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ ਸੀ, ਅੱਜ ਦੋਵੇਂ ਸਰਪੰਚੀ ਦੇ ਬੂਥਾਂ 'ਤੇ ਇਕ ਪਾਸੇ ਸ: ਇੰਦਰਜੀਤ ਸਿੰਘ ਰੰਧਾਵਾ ਆਪਣੇ ਹਮਾਇਤੀਆ ਸਮੇਤ ਮੌਜੂਦ ਸਨ ਤੇ ਦੂਸਰੇ ਪਾਸੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਵੀ ਕਾਫੀ ਸਮਾਂ ਬੈਠੇ ਰਹੇ ਤੇ ਪੂਰੀ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਇਆ, ਜਦੋਂ ਕਿ ਇਸ ਮੌਕੇ ਕੁਲਦੀਪ ਸਿੰਘ, ਜਸਬੀਰ ਕੌਰ, ਨਰਿੰਦਰਜੀਤ ਕੌਰ, ਬਲਵਿੰਦਰ ਕੌਰ, ਬਲਵੰਤ ਸਿੰਘ, ਹਰਿੰਦਰਪਾਲ ਸਿੰਘ, ਜੋਗਾ ਸਿੰਘ ਮੈਂਬਰ ਪੰਚਾਇਤ ਚੁਣੇ ਗਏ। ਇਸ ਮੌਕੇ ਚੁਣੀ ਗਈ ਸਰਪੰਚ ਸਰਬਜੀਤ ਕੌਰ ਤੇ ਉਨ੍ਹਾਂ ਦੇ ਪਤੀ ਹਰਜਿੰਦਰ ਸਿੰਘ ਨੇ ਪਿੰਡ ਦੇ ਲੋਕਾਂ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਜਤਿੰਦਰ ਕੌਰ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ: ਰੰਧਾਵਾ ਦੀ ਛਤਰ-ਛਾਇਆ ਹੇਠ ਪਿੰਡ ਨੂੰ ਵਿਕਾਸ ਪੱਖੋਂ ਮਾਡਲ ਪਿੰਡ ਬਣਾਉਣਗੇ। ਇਸ ਮੌਕੇ ਉਨ੍ਹਾਂ ਨਾਲ ਬਿਕਰਮਜੀਤ ਸਿੰਘ ਬੱਗਾ, ਗੁਰਜੀਤ ਸਿੰਘ ਲਾਡੀ, ਡਾ. ਕਵਲਜੀਤ ਸਿੰਘ ਹੈਪੀ, ਜਸਵੰਤ ਸਿੰਘ ਸੰਮਤੀ ਮੈਂਬਰ, ਗੁਰਨਾਮ ਸਿੰਘ, ਭੁਪਿੰਦਰ ਸਿੰਘ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਆੜ੍ਹਤੀ, ਦਿਲਬਾਗ ਸਿੰਘ ਰੰਧਾਵਾ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਡਾ. ਪ੍ਰਕਾਸ ਚੰਦ, ਪਰਮਜੀਤ ਸਿੰਘ, ਮਨਿੰਦਰ ਸਿੰਘ ਬਿੱਟਾ ਸਮੇਤ ਪਿੰਡ ਦੇ ਲੋਕ ਹਾਜ਼ਰ ਸਨ।