ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਤਰਨਤਾਰਨ

ਹਲਕਾ  ਬਲਾਕ      
 
5:50 pm :  ਹਲਕਾ ਖੇਮਕਰਨ ਦੇ ਪਿੰਡ ਅਮਰਕੋਟ ਤੋਂ  ਕ੍ਰਿਸ਼ਨਜੀਤ ਸਿੰਘ ਸੰਧੂ ਬਣੇ ਸਰਪੰਚ
5:47 pm :   ਪਿੰਡ ਆਸਲ ਜੀਵਨ ਸਿੰਘ ਵਾਲਾ ਤੋਂ ਸਰਦੂਲ ਸਿੰਘ ਸੰਧੂ ਆਸਲ ਬਣੇ ਸਰਪੰਚ

 

4:42 pm : ਤਰਨਤਾਰਨ ਦੇ ਪਿੰਡ ਭੋਜੀਆਂ 'ਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਹੋਈਆਂ ਝੜਪਾਂ
     
  ਪਿੰਡ ਦਬੁਰਜੀ ਤੋਂ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ 400 ਵੋਟਾਂ ਨਾਲ ਸਰਪੰਚ ਬਣੀ
ਤਰਨ ਤਾਰਨ, 30 ਦਸੰਬਰ (ਹਰਿੰਦਰ ਸਿੰਘ)-ਹੋਈਆਂ ਪੰਚਾਇਤੀ ਚੋਣਾਂ ਵਿਚ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਦਬੁਰਜੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 400 ਵੋਟਾਂ ਨਾਲ ਹਰਾਇਆ ਅਤੇ ਸਰਪੰਚੀ ਦੀ ਚੋਣ ਜਿੱਤ ਲਈ। ਇਸ ਦੇ ਨਾਲ ਹੀ ਕਾਂਗਰਸ ਨਾਲ ਸਬੰਧਤ 9 ਮੈਂਬਰ ਪੰਚਾਇਤ ਉਮੀਦਵਾਰਾਂ ਨੇ ਵੀ ਜਿੱਤ ਪ੍ਰਾਪਤ ਕਰ ਲਈ। ਕੁਲਵਿੰਦਰ ਕੌਰ ਦੇ ਸਰਪੰਚ ਬਣਨ ਤੋਂ ਇਲਾਵਾ ਵਾਰਡ ਨੰਬਰ 1 ਤੋਂ ਹਰਦੀਪ ਸਿੰਘ 48 ਵੋਟਾਂ ਨਾਲ ਜੇਤੂ, ਵਾਰਡ ਨੰਬਰ 2 ਤੋਂ ਬਲਬੀਰ ਕੌਰ 28 ਵੋਟਾਂ ਨਾਲ ਜੇਤੂ, ਵਾਰਡ ਨੰਬਰ 3 ਤੋਂ ਕੁਲਦੀਪ ਕੌਰ 33 ਵੋਟਾਂ ਨਾਲ ਜੇਤੂ, ਵਾਰਡ ਨੰਬਰ ਬਲਜਿੰਦਰ ਕੌਰ 1 ਵੋਟ ਨਾਲ ਜੇਤੂ, ਵਾਰਡ ਨੰਬਰ 5 ਤੋਂ ਗੁਰਮੀਤ ਕੌਰ 47 ਵੋਟਾਂ ਨਾਲ ਜੇਤੂ, ਵਾਰਡ ਨੰਬਰ 6 ਤੋਂ ਮਹਿੰਦਰ ਸਿੰਘ ਢਿੱਲੋਂ 84 ਵੋਟਾਂ ਨਾਲ ਜੇਤੂ, ਵਾਰਡ ਨੰਬਰ 7 ਤੋਂ ਇੰਦਰਜੀਤ ਸਿੰਘ ਢਿੱਲੋਂ 31 ਵੋਟਾਂ ਨਾਲ ਜੇਤੂ, ਵਾਰਡ ਨੰਬਰ 8 ਤੋਂ ਸਾਹਿਬ ਸਿੰਘ ਢਿੱਲੋਂ 111 ਵੋਟਾਂ ਨਾਲ ਜੇਤੂ ਅਤੇ ਵਾਰਡ ਨੰਬਰ 9 ਤੋਂ ਮਨਜਿੰਦਰ ਸਿੰਘ ਢਿੱਲੋਂ 29 ਵੋਟਾਂ ਨਾਲ ਜੇਤੂ ਐਲਾਨੇ ਗਏ। ਇਸ ਮੌਕੇ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੇ ਉਕਤ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੇ ਜੋ ਪਿੰਡ ਦੇ ਲੋਕਾਂ ਨਾਲ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਨਿਭਾਇਆ ਜਾਵੇਗਾ ਅਤੇ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਵਾਂ ਤਾਰਾ ਸਿੰਘ ਤੋਂ ਸਰਪੰਚੀ ਦੀ ਚੋਣ ਸੁਖਪ੍ਰੀਤ ਕੌਰ ਨੇ ਜਿੱਤੀ
294 ਵੋਟਾਂ ਨਾਲ ਵਿਰੋਧੀ ਨੂੰ ਦਿੱਤੀ ਮਾਤ
ਖਾਲੜਾ, 30 ਦਸੰਬਰ (ਜੱਜਪਾਲ ਸਿੰਘ)-ਥਾਣਾ ਖਾਲੜਾ ਅਧੀਨ ਆਉਂਦੇ 30 ਪਿੰਡਾਂ ਵਿਚੋਂ 29 ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣ ਕਾਰਨ ਬਚੇ ਇਕ ਪਿੰਡ ਵਾਂ ਤਾਰਾ ਸਿੰਘ ਵਿਖੇ ਸਰਪੰਚੀ ਦੀਆਂ ਚੋਣਾਂ ਹੋਈਆਂ। ਵਲਟੋਹਾ ਬਲਾਕ ਅਧੀਨ ਆਉਂਦੇ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਵਿਖੇ ਸਰਪੰਚੀ ਲਈ ਦੋ ਉਮੀਦਵਾਰ ਮੈਦਾਨ ਵਿਚ ਸਨ। ਪਿੰਡ ਵਾਂ ਤਾਰਾ ਸਿੰਘ ਦੀ ਸਰਪੰਚੀ ਇਸਤਰੀ ਲਈ ਰਾਖਵੀਂ ਹੋਣ ਕਾਰਨ ਇਕ ਪਾਸੇ ਨੌਜਵਾਨ ਕਾਂਗਰਸੀ ਆਗੂ ਪਰਵਿੰਦਰ ਸਿੰਘ ਪਰੀ ਦੀ ਪਤਨੀ ਸੁਖਪ੍ਰੀਤ ਕੌਰ ਟਰੱਕ ਚੋਣ ਨਿਸ਼ਾਨ 'ਤੇ ਅਤੇ ਦੂਜੇ ਪਾਸੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਦੀ ਪਤਨੀ ਹਰਜਿੰਦਰ ਕੌਰ ਟਰੈਕਟਰ ਚੋਣ ਨਿਸ਼ਾਨ 'ਤੇ ਚੋਣ ਲੜ ਰਹੀਆਂ ਹਨ। ਕਰੀਬ 3200 ਵੋਟਾਂ ਵਾਲੇ ਪਿੰਡ ਵਿਚ ਵੋਟਾਂ ਪਾਉਣ ਲਈ ਤਿੰਨ ਬੂਥ ਬਣਾਏ ਗਏ ਸਨ ਅਤੇ ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਸੀ। ਇਸ ਮੌਕੇ ਹਾਜ਼ਰ ਐੱਸ.ਐੱਚ.ਓ. ਖਾਲੜਾ ਕਸ਼ਮੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥਾਂ ਵਿਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਕਰੀਬ 9:15 ਵਜੇ ਆਏ ਨਤੀਜਿਆਂ ਅਨੁਸਾਰ ਸੁਖਪ੍ਰੀਤ ਕੌਰ ਪਤਨੀ ਪਰਵਿੰਦਰ ਸਿੰਘ 294 ਵੋਟਾਂ ਨਾਲ ਜੇਤੂ ਰਹੀ।

ਪੰਡੋਰੀ ਸਿਧਵਾਂ ਤੋਂ ਕਾਂਗਰਸ ਪਾਰਟੀ ਦੀ ਬੀਬੀ ਸੰਦੀਪ ਕੌਰ 431 ਵੋਟਾਂ ਨਾਲ ਜੇਤੂ ਕਰਾਰ
ਤਰਨ ਤਾਰਨ, 30 ਦਸੰਬਰ (ਹਰਿੰਦਰ ਸਿੰਘ)ਪੰਚਾਇਤੀ ਚੋਣਾਂ ਵਿਚ ਹਲਕਾ ਤਰਨ ਤਾਰਨ ਦੇ ਪਿੰਡ ਪੰਡੋਰੀ ਸਿਧਵਾਂ ਤੋਂ ਸਰਪੰਚੀ ਦੀ ਚੋਣ ਲੜ ਰਹੀ ਬੀਬੀ ਸੰਦੀਪ ਕੌਰ ਪਤਨੀ ਸੁਖਵਿੰਦਰ ਸਿੰਘ 431 ਵੋਟਾਂ ਨਾਲ ਜੇਤੂ ਐਲਾਨੇ ਗਏ। ਬੀਬੀ ਸੰਦੀਪ ਕੌਰ ਕਾਂਗਰਸ ਪਾਰਟੀ ਨਾਲ ਸਬੰਧਤ ਹੈ। ਇਸ ਮੌਕੇ ਬੀਬੀ ਸੰਦੀਪ ਕੌਰ ਨੇ ਆਪਣੀ ਜਿੱਤ ਦਾ ਸਿਹਰਾ ਪਿੰਡ ਵਾਸੀਆਂ ਅਤੇ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੂੰ ਦਿੱਤਾ। ਉਨਾਂ ਕਿਹਾ ਕਿ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਵਲੋਂ ਜੋ ਮਾਣ ਸਨਮਾਨ ਉਨ੍ਹਾਂ ਨੂੰ ਦਿੱਤਾ ਗਿਆ, ਉਹ ਉਸ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਚੋਣਾਂ ਦੌਰਾਨ ਪਿੰਡ ਵਾਸੀਆਂ ਨਾਲ ਜੋ ਵਾਅਦੇ ਕੀਤੇ ਹਨ, ਉਹ ਉਨਾਂ ਵਾਅਦਿਆਂ ਨੂੰ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਦੇ ਸਹਿਯੋਗ ਨਾਲ ਪੂਰੇ ਕਰਨਗੇ। ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਕੀਤਾ ਜਾਵੇਗਾ ਅਤੇ ਪਿੰਡ ਦੇ ਮਸਲਿਆਂ ਨੂੰ ਪਿੰਡ ਵਿਚ ਹੀ ਬੈਠ ਕੇ ਹੱਲ ਕਰਵਾਉਣ ਨੂੰ ਪਹਿਲ ਦਿੱਤੀ ਜਾਵੇਗੀ।

ਵੱਡਾ ਫੱਤੇਵਾਲ ਵਿਖੇ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਸਰਬ ਸੰਮਤੀ ਨਾਲ ਬੀਬੀ ਰਜਵੰਤ ਕੌਰ ਬਣੀ ਸਰਪੰਚ
ਅਜਨਾਲਾ, 30 ਦਸੰਬਰ (ਐਸ.ਪ੍ਰਸ਼ੋਤਮ)-ਗ੍ਰਾਮ ਪੰਚਾਇਤ ਵੱਡਾ ਫੱਤੇਵਾਲ (ਅਜਨਾਲਾ) ਦੀ ਚੋਣ ਕਰਵਾਉਣ ਲਈ ਪਹੁੰਚਿਆ ਸਰਕਾਰੀ ਚੋਣ ਅਮਲਾ ਉਦੋਂ ਖੁਸ਼ ਨੁਮਾ ਹੈਰਾਨੀ ਭਰਿਆ ਰਹਿ ਗਿਆ, ਜਦੋਂ ਚੋਣ ਮੈਦਾਨ 'ਚ ਡਟੇ ਸਰਪੰਚ ਉਮੀਦਵਾਰਾਂ ਸਮੇਤ ਪੰਚ ਉਮੀਦਵਾਰਾਂ ਨੇ ਪੋਲਿੰਗ ਬੂਥ ਕੇਂਦਰ 'ਤੇ ਆ ਕੇ ਪ੍ਰਗਟਾਵਾ ਕੀਤਾ ਕਿ ਬੀਤੀ ਰਾਤ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਉੱਦਮ ਨਾਲ ਸਮੂਹ ਨਗਰ ਨਿਵਾਸੀਆਂ ਨੇ ਵੋਟ ਪ੍ਰਕਿਰਿਆ ਦੀ ਬਜਾਏ ਸਰਬ ਸੰਮਤੀ ਦਾ ਰਸਤਾ ਅਪਣਾਇਆ। ਜਿਸ ਦੇ ਨਤੀਜੇ ਵਜੋਂ ਮਹਿਲਾ ਕਾਂਗਰਸ ਆਗੂ ਬੀਬੀ ਰਜਵੰਤ ਕੌਰ (ਪਤਨੀ ਸ: ਪਾਲ ਸਿੰਘ) ਸਰਪੰਚ ਤੇ ਬੀਬੀ ਪਰਮਜੀਤ ਕੌਰ ਪਤਨੀ ਦਿਲਬਾਗ ਸਿੰਘ, ਸੁਖਰਾਜ ਕੌਰ ਪਤਨੀ ਰਣਜੀਤ ਸਿੰਘ, ਚਰਨਜੀਤ ਕੌਰ ਪਤਨੀ ਸਿਕੰਦਰ ਸਿੰਘ ਤੇ ਗੁਰਲਾਲ ਸਿੰਘ ਸਰਬ ਸੰਮਤੀ ਨਾਲ ਪੰਚ ਚੁਣੇ ਗਏ। ਇਸ ਮੌਕੇ ਅਜੀਤ ਸਿੰਘ ਫੱਤੇਵਾਲ, ਕਾਂਗਰਸ ਜ਼ਿਲ੍ਹਾ ਉੱਪ ਪ੍ਰਧਾਨ ਕੇਵਲ ਸਿੰਘ, ਤਰਸੇਮ ਸਿੰਘ, ਸੁੱਚਾ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਬਾਬਾ ਜਗਦੀਪ ਸਿੰਘ, ਕਰਨੈਲ ਸਿੰਘ ਫੌਜੀ, ਕੁਲਵੰਤ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਬਿਕਰਮਜੀਤ ਸਿੰਘ, ਮੁਖਤਾਰ ਸਿੰਘ ਤੇ ਰਤਨ ਸਿੰਘ ਆਦਿ ਆਗੂਆਂ ਨੇ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਦਾ ਹਾਰ ਪਾ ਕੇ ਸਵਾਗਤ ਤੇ ਸਨਮਾਨਿਤ ਕੀਤਾ।

ਲੱਖੂਵਾਲ ਵਿਖੇ ਵੋਟਾਂ ਪੈਣ ਤੋਂ ਐਨ ਪਹਿਲਾਂ ਸਰਪੰਚ ਤੇ ਪੰਚਾਂ 'ਤੇ ਬਣੀ ਸਰਬ ਸੰਮਤੀ
ਅਜਨਾਲਾ, 30 ਦਸੰਬਰ (ਐਸ. ਪ੍ਰਸ਼ੋਤਮ)-ਹਲਕਾ ਵਿਧਾਨਕਾਰ ਸ: ਹਰਪ੍ਰਤਾਪ ਸਿੰਘ ਅਜਨਾਲਾ ਤੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਜੱਦੀ ਪਿੰਡ ਲੱਖੂਵਾਲ, ਜੋ ਸਥਾਨਕ ਸ਼ਹਿਰ ਦੇ ਹਿੱਸੇ ਵਜੋਂ ਜਾਣਿਆਂ ਪਛਾਣਿਆਂ ਜਾਂਦਾ ਹੈ, ਦੀ ਗ੍ਰਾਮ ਪੰਚਾਇਤ ਦੇ ਸਰਪੰਚ ਤੇ ਪੰਚਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਮੂਹ ਨਗਰ ਨਿਵਾਸੀਆਂ ਨੇ ਪਿੰਡ ਦੀ ਰਵਾਇਤੀ ਭਾਈਚਾਰਕ ਸਾਂਝ 'ਚ ਤਰੇੜਾਂ ਪੈਣ ਦੀਆਂ ਸੰਭਾਵਨਾਵਾਂ ਤੋਂ ਬਚਾਓ ਲਈ ਸਾਂਝੀ ਰਾਏ ਨਾਲ ਕਾਂਗਰਸ ਦੇ ਟਕਸਾਲੀ ਆਗੂ ਤੇ ਸਮਾਜ ਸੇਵੀ ਸ: ਜਗਤਾਰ ਸਿੰਘ ਨੂੰ ਸਰਪੰਚ ਚੁਣ ਲਿਆ। ਜਦ ਕਿ ਸਰਬ ਸੰਮਤੀ ਨਾਲ ਹੀ ਨਿੰਦਰ ਕੌਰ ਪਤਨੀ ਅਵਤਾਰ ਸਿੰਘ, ਸਵਰਨ ਸਿੰਘ, ਸ਼ਮਸ਼ੇਰ ਸਿੰਘ, ਅਮਰਜੀਤ ਸਿੰਘ, ਜਥੇ: ਬਲਦੇਵ ਸਿੰਘ, ਰਣਜੀਤ ਕੌਰ ਪਤਨੀ ਬਲਦੇਵ ਸਿੰਘ, ਤਲਵਿੰਦਰ ਕੌਰ ਪਤਨੀ ਸਵਿੰਦਰ ਸਿੰਘ ਨੂੰ ਪੰਚ ਚੁਣਿਆਂ। ਮੌਕੇ 'ਤੇ ਮੌਜੂਦ ਲੱਭਾ ਮਸੀਹ, ਨੰਬਰਦਾਰ ਜੋਗਿੰਦਰ ਸਿੰਘ, ਨੰਬਰਦਾਰ ਸੁਖਜਿੰਦਰ ਸਿੰਘ, ਮਾਸਟਰ ਸਰੂਪ ਸਿੰਘ, ਰਿੰਕੂ ਸਰਕਾਰੀਆ, ਰਵੇਲ ਸਿੰਘ, ਬੀਰ ਸਿੰਘ, ਸੂਬੇਦਾਰ ਨਰਿੰਦਰ ਸਿੰਘ, ਸੂਬੇਦਾਰ ਨਿਰਮਲ ਸਿੰਘ, ਹੌਲਦਾਰ ਗੁਰਮੇਜ ਸਿੰਘ, ਹੌਲਦਾਰ ਪਵਿੱਤਰ ਮਸੀਹ, ਸ਼ੀਰਾ ਮਸੀਹ, ਜਨਕਬੀਰ ਸਿੰਘ, ਦੀਪਇੰਦਰ ਸਿੰਘ ਤੇ ਪ੍ਰਧਾਨ ਕੁੰਨਣ ਸਿੰਘ ਆਦਿ ਆਗੂਆਂ ਨੇ ਸਰਬ ਸੰਮਤੀ ਨਾਲ ਨਵੀਂ ਚੁਣੀ ਗਈ ਪੰਚਾਇਤ ਦਾ ਸਮੂਹਿਕ ਤੌਰ 'ਤੇ ਜੇਤੂ ਚਿੰਨ੍ਹ ਬਣਾ ਕੇ ਸਵਾਗਤ ਕੀਤਾ।

ਪਿੰਡ ਪਲਾਸੌਰ ਖੁਰਦ ਤੋਂ ਆਜ਼ਾਦ ਉਮੀਦਵਾਰ ਮਨਜਿੰਦਰ ਸਿੰਘ ਸਰਪੰਚ ਬਣੇ
ਤਰਨ ਤਾਰਨ, 30 ਦਸੰਬਰ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਪਲਾਸੌਰ ਖੁਰਦ ਵਿਖੇ ਹੋਈ ਪੰਚਾਇਤੀ ਚੋਣ ਵਿਚ ਆਜ਼ਾਦ ਉਮੀਦਵਾਰ ਮਨਜਿੰਦਰ ਸਿੰਘ ਨੇ ਆਪਣੇ ਵਿਰੋਧੀ ਕਾਂਗਸ ਪਾਰਟੀ ਦੇ ਉਮੀਦਵਾਰ ਜਸ਼ਨਦੀਪ ਸਿੰਘ ਨੂੰ 100 ਵੋਟਾਂ ਦੇ ਫਰਕ ਨਾਲ ਹਰਾਇਆ। ਵਰਣਨਯੋਗ ਹੈ ਕਿ ਆਜ਼ਾਦ ਉਮੀਦਵਾਰ ਮਨਜਿੰਦਰ ਸਿੰਘ ਵਲੋਂ ਚੋਣਾਂ ਵਿਚ ਧੱਕੇਸ਼ਾਹੀ ਹੋਣ ਦੀ ਸ਼ੰਕਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਆਪਣੇ ਨਾਮਜ਼ਦਗੀ ਪੱਤਰਾਂ ਅਤੇ ਉਸਦੀ ਚੋਣ ਦੀ ਵੀਡੀਓਗ੍ਰਾਫੀ ਦੀ ਮੰਗ ਕੀਤੀ ਸੀ। ਜਿਸ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਇਸ ਰਿੱਟ ਤੇ ਪੁਲਿਸ ਤੇ ਪ੍ਰਸ਼ਾਸਨ ਨੂੰ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਸਨ। ਵਕਾਰ ਦਾ ਬਣੀ ਇਸ ਛੋਟੇ ਜਿਹੇ ਪਿੰਡ ਦੀ ਪੰਚਾਇਤੀ ਚੋਣ ਵਿਚ ਆਜ਼ਾਦ ਉਮੀਦਵਾਰ ਮਨਜਿੰਦਰ ਸਿੰਘ ਵਲੋਂ ਸੀ: ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਲਾਸੌਰ ਦੇ ਲੜਕੇ ਜਸ਼ਨਦੀਪ ਸਿੰਘ ਨੂੰ 100 ਤੋਂ ਵੱਧ ਵੋਟਾਂ ਨਾਲ ਹਰਾਇਆ। ਜੇਤੂ ਸਰਪੰਚ ਮਨਜਿੰਦਰ ਸਿੰਘ ਨੇ ਜਿੱਤਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਸਚਾਈ ਲਈ ਲੜਾਈ ਲੜੀ ਹੈ, ਜਿਸ ਵਿਚ ਉਸ ਨੂੰ ਪਿੰਡ ਦੇ ਲੋਕਾਂ ਵਲੋਂ ਭਾਂਰੀ ਸਮਰਥਨ ਦੇਂਦਿਆਂ ਸਰਪੰਚ ਬਣਾਇਆ ਹੈ। ਉਹ ਲੋਕਾਂ ਵਲੋਂ ਦਿੱਤੇ ਗਏ ਇਸ ਫਤਵੇ ਤੇ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ ਅਤੇ ਪਿੰਡ ਦੇ ਵਿਕਾਸ ਅਤੇ ਭਲਾਈ ਲਈ ਅੱਗੇ ਹੋ ਕੇ ਕੰਮ ਕਰਨਗੇ। ਉਨ੍ਹਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਚੋਣ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਅਤੇ ਉਸ ਨੂੰ ਜਿਤਾਉਣ ਲਈ ਉਸਦਾ ਸਾਥ ਦਿੱਤਾ। ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਦਾ ਵੀ ਧੰੰਨਵਾਦ ਕੀਤਾ।