ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਫ਼ਤਹਿਗੜ੍ਹ ਸਾਹਿਬ

 

         

 

 

  •  ਖਮਾਣੋਂ : ਮਨਦੀਪ ਕੌਰ ਬਣੀ ਜਟਾਣਾ ਉੱਚਾ ਦੀ ਸਰਪੰਚ
  • ਖਮਾਣੋਂ : ਬਲਬੀਰ ਸਿੰਘ ਬਣੇ ਪਿੰਡ ਜਟਾਣਾ ਨੀਵਾਂ ਦੇ ਸਰਪੰਚ
  • ਫ਼ਤਿਹਗੜ੍ਹ ਸਾਹਿਬ : ਪਿੰਡ ਹਵਾਰਾ ਕਲਾਂ ਤੋਂ ਬੀਬੀ ਸਤਨਾਮ ਕੌਰ 62 ਵੋਟਾਂ ਨਾਲ ਜੇਤੂ
  • ਬਲਾਕ ਚਮਕੌਰ ਸਾਹਿਬ ਦੇ ਪਿੰਡ ਗਧਰਾਮ ਖੁਰਦ ਦੀ ਕਾਂਗਰਸ ਦੀ ਸਰਪੰਚੀ ਦੀ ਉਮੀਦਵਾਰ ਪਰਮਜੀਤ ਕੋਰ ਜੇਤੂ
     
 

ਜ਼ਿਲ੍ਹੇ 'ਚ 77.20 ਫ਼ੀਸਦੀ ਮਤਦਾਨ
ਸ਼ਾਂਤਮਈ ਢੰਗ ਨਾਲ ਪਈਆਂ ਵੋਟਾਂ
ਜ਼ਿਲ੍ਹੇ ਵਿੱਚ 295 ਸਰਪੰਚਾਂ ਤੇ 1060 ਪੰਚਾਂ ਦੀ ਚੋਣ ਲਈ ਵੋਟਰਾਂ ਨੇ ਕੀਤੀ ਵੋਟ ਦੇ ਅਧਿਕਾਰ ਦੀ ਵਰਤੋਂ
ਫ਼ਤਹਿਗੜ ਸਾਹਿਬ, 30 ਦਸੰਬਰ (ਭੂਸ਼ਨ ਸੂਦ)-ਫ਼ਤਹਿਗੜ ਸਾਹਿਬ ਜ਼ਿਲ੍ਹੇ 'ਚ 295 ਸਰਪੰਚਾਂ ਤੇ 1060 ਪੰਚਾਂ ਦੀ ਚੋਣ ਲਈ ਸ਼ਾਮ 04:00 ਵਜੇ ਤੱਕ 77.20 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਤੇ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਪੂਰੀ ਹੋਈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਲੋਕਾਂ ਨੇ ਪੂਰੇ ਉਤਸ਼ਾਹ ਅਤੇ ਬਿਨ੍ਹਾਂ ਕਿਸੇ ਭੈਅ ਤੋਂ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਸ. ਢਿੱਲੋਂ ਨੇ ਦੱਸਿਆ ਕਿ ਸ਼ਾਮ 04:00 ਵਜੇ ਤੱਕ ਬਲਾਕ ਅਮਲੋਹ 'ਚ 72 ਫ਼ੀਸਦੀ, ਬਸੀ ਪਠਾਣਾ ਬਲਾਕ 'ਚ 78 ਫ਼ੀਸਦੀ, ਸਰਹਿੰਦ ਬਲਾਕ 'ਚ 76 ਫ਼ੀਸਦੀ, ਖੇੜਾ ਬਲਾਕ 'ਚ 80 ਫ਼ੀਸਦੀ ਤੇ ਖਮਾਣੋਂ ਬਲਾਕ ਵਿਚ 80 ਫ਼ੀਸਦੀ ਵੋਟਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 132 ਸਰਪੰਚਾਂ ਤੇ 1413 ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ। ਉਨ੍ਹਾਂ ਦੱਸਿਆ ਕਿ ਵੋਟਿੰਗ ਤਹਿਤ ਸਵੇਰ 10:00 ਵਜੇ ਤੱਕ ਜ਼ਿਲ੍ਹੇ ਵਿਚ 15.30 ਫ਼ੀਸਦੀ, ਦੁਪਹਿਰ 12:00 ਵਜੇ ਤੱਕ 36.60 ਫ਼ੀਸਦੀ ਤੇ ਦੁਪਹਿਰ 02:00 ਵਜੇ ਤੱਕ 61.20 ਫ਼ੀਸਦੀ ਮਤਦਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਨ੍ਹਾਂ ਚੋਣਾਂ ਲਈ ਬਣਾਏ 367 ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਸਬੰਧੀ 1835 ਸਿਵਲ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਲਈ 900 ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ।  ਉਨ੍ਹਾਂ ਇਹ ਵੀ ਦੱਸਿਆ ਕਿ ਹਰੇਕ ਬੂਥ 'ਤੇ 05 ਕਰਮਚਾਰੀਆਂ ਦੀ ਬਤੌਰ ਪੋਲਿੰਗ ਸਟਾਫ਼ ਡਿਊਟੀ ਲਗਾਈ ਗਈ ਸੀ ਤੇ ਇਨ੍ਹਾਂ ਪੋਲਿੰਗ ਪਾਰਟੀਆਂ ਦੀ ਮਦਦ ਤੇ ਨਿਗਰਾਨੀ ਲਈ ਚੋਣ ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਨੇ ਵੋਟਾਂ ਪਾਉਣ ਦੇ ਅਮਲ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਅਧਿਕਾਰੀਆਂ, ਸਮੁੱਚੇ ਚੋਣ ਅਮਲੇ ਤੇ ਅਮਨ-ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਸ਼ਾਂਤਮਈ ਚੋਣਾਂ ਲਈ ਪਿੰਡਾਂ ਦੇ ਸੂਝਵਾਨ ਵੋਟਰਾਂ ਦੀ ਵੀ ਧੰਨਵਾਦ ਕੀਤਾ।

ਬੀਬੀ ਹਰਪ੍ਰੀਤ ਕੌਰ ਸਰਬਸੰਮਤੀ ਨਾਲ ਸਰਪੰਚ ਚੁਣੀ
ਚੁੰਨ੍ਹੀ, 30 ਦਸੰਬਰ (ਗੁਰਪ੍ਰੀਤ ਸਿੰਘ ਬਿਲਿੰਗ)-ਨਜ਼ਦੀਕੀ ਪਿੰਡ ਭਗਤਪੁਰਾ (ਭਗਤਾ) ਦੀ ਸਮੂਹ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਹਰਪ੍ਰੀਤ ਕੌਰ ਨੂੰ ਬਤੌਰ ਸਰਪੰਚ ਤੇ ਮੋਹਨ ਲਾਲ, ਗੁਰਪ੍ਰੀਤ ਸਿੰਘ, ਗੁਰਮਿੰਦਰ ਸਿੰਘ, ਬਲਵਿੰਦਰ ਕੌਰ ਤੇ ਸਰਬਜੀਤ ਕੌਰ ਨੂੰ ਬਤੌਰ ਪੰਚ ਚੁਣਿਆ ਗਿਆ। ਨਵੀਂ ਚੁਣੀ ਗਈ ਸਰਪੰਚ ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਪਿੰਡ ਨੂੰ ਪੂਰਨ ਤੌਰ 'ਤੇ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸਿਮਰਨ ਗੋਸਲ ਤੇ ਪਤਵੰਤੇ ਸੱਜਣ ਹਾਜ਼ਰ ਸਨ।

ਕਰਨੈਲ ਪੰਜੋਲੀ ਨੂੰ 118 ਵੋਟਾਂ ਨਾਲ ਹਰਾ ਕੇ ਜਸਦੇਵ ਸਿੰਘ ਜੱਸਾ ਸਰਪੰਚ ਬਣੇ
ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਅਰੁਣ ਆਹੂਜਾ)-ਜ਼ਿਲ੍ਹੇ ਦੇ ਪਿੰਡ ਪੰਜੋਲੀ ਕਲਾਂ ਵਿਚ ਹੋਈ ਪੰਚਾਇਤੀ ਚੋਣ 'ਚ ਉੱਘੇ ਸਮਾਜ ਸੇਵਕ ਸੀਨੀਅਰ ਕਾਂਗਰਸੀ ਆਗੂ ਜਸਦੇਵ ਸਿੰਘ ਜੱਸਾ ਪੰਜੋਲੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੂੰ 118 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਿੰਡ ਦੇ ਸਰਪੰਚ ਚੁਣੇ ਗਏ। ਜਸਦੇਵ ਸਿੰਘ ਜੱਸਾ ਪੰਜੋਲੀ ਨੂੰ 416 ਤੇ ਕਰਨੈਲ ਸਿੰਘ ਪੰਜੋਲੀ ਨੂੰ 298 ਵੋਟਾਂ ਪਈਆਂ। ਜੱਸਾ ਪੰਜੋਲੀ ਦੇ ਸਰਪੰਚੀ ਦੀ ਚੋਣ ਜਿੱਤਣ ਮਗਰੋਂ ਉਨ੍ਹਾਂ ਦੇ ਸਮਰਥਕਾਂ ਨੇ ਜਿੱਤ ਦਾ ਖ਼ੂਬ ਜਸ਼ਨ ਮਨਾਇਆ।

ਮੈੜਾਂ 'ਚ ਚਾਚੇ ਨੇ ਭਤੀਜੇ ਨੂੰ ਹਰਾਇਆ
ਬਸੀ ਪਠਾਣਾਂ, 30 ਦਸੰਬਰ (ਗ.ਸ. ਰੁਪਾਲ, ਗੌਤਮ)-ਇਸ ਬਲਾਕ ਦੇ ਪਿੰਡ ਮੇੜਾਂ ਤੋਂ ਮਿਲੀ ਖ਼ਬਰ ਅਨੁਸਾਰ ਇੱਥੇ ਸਰਪੰਚੀ ਲਈ ਚਾਚਾ ਤੇ ਭਤੀਜਾ ਉਮੀਦਵਾਰ ਸਨ । ਇਸ ਵਾਰ ਫੇਰ ਤੋਂ ਬਲਵੀਰ ਸਿੰਘ ਬਾਜਵਾ ਨੇ ਆਪਣੇ ਨਿਕਟ ਵਿਰੋਧੀ ਤੇ ਭਤੀਜੇ ਗੁਰਸ਼ਰਨ ਸਿੰਘ ਬਾਜਵਾ ਨੂੰ 15 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸਰਪੰਚੀ ਬਰਕਰਾਰ ਰੱਖੀ ।ਇਸ ਪਿੰਡ 'ਚ ਮੁਕਾਬਲਾ ਦੋਹਾਂ ਅਕਾਲੀਆਂ ਵਿਚਕਾਰ ਸੀ ਜਿਸ 'ਚ ਚਾਚੇ ਨੇ ਇਕ ਵਾਰ ਫੇਰ ਭਤੀਜੇ ਨੂੰ ਸ਼ਿਕਸਤ ਦਿੱਤੀ ਹੈ।

ਸਰਪੰਚੀ ਚੋਣਾਂ 'ਚ ਸਿਕੰਦਰ ਸਿੰਘ 40 ਵੋਟਾਂ ਨਾਲ ਜਿੱਤੇ
ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਭੂਸ਼ਨ ਸੂਦ, ਮਨਪ੍ਰੀਤ ਸਿੰਘ)-ਪਿੰਡ ਚੋਲਟੀ ਖੇੜੀ ਤੋਂ ਕਾਂਗਰਸੀ ਉਮੀਦਵਾਰ ਸਿਕੰਦਰ ਸਿੰਘ ਪੁੱਤਰ ਕੇਸਰ ਸਿੰਘ 40 ਵੋਟਾਂ ਨਾਲ ਜਿੱਤ ਗਏ ਹਨ। ਕੇਸਰ ਸਿੰਘ ਨੇ  ਦੱਸਿਆ ਕਿ ਪਿੰਡ ਚੋਲਟੀ ਖੇੜੀ ਵਿਚ ਸਿਕੰਦਰ ਸਿੰਘ ਨੂੰ 176 ਵੋਟਾਂ ਪਈਆਂ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ 136 ਵੋਟਾਂ ਪਈਆਂ। ਪਿੰਡ ਚੋਲਟੀ ਖੇੜੀ ਦੇ ਚਾਰ ਪੰਚਾਇਤ ਮੈਂਬਰ ਗੁਰਜੀਤ ਕੌਰ, ਗੁਰਮੀਤ ਕੌਰ, ਗੁਰਵਿੰਦਰ ਸਿੰਘ ਤੇ ਦਰਸ਼ਨ ਕੁਮਾਰ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਜਿੱਤ ਚੁੱਕੇ ਹਨ ਅਤੇ ਅੱਜ ਪੰਚਾਇਤ ਮੈਂਬਰ ਸੁੱਚਾ ਸਿੰਘ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ। ਸਿਕੰਦਰ ਸਿੰਘ ਜੋਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਅਤੇ ਪਿੰਡ ਚੋਲਟੀ ਖੇੜੀ ਦੇ ਵਾਸੀਆਂ ਦਾ ਧੰਨਵਾਦ ਕੀਤਾ।