ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਨਵਾਂਸ਼ਹਿਰ

 

         
 
  •  ਨਵਾਂਸ਼ਹਿਰ :ਪਿੰਡ ਜਲਵਾਹਾ ਤੋਂ ਦੇਸ ਰਾਜ ਮਾਨ ਅਤੇ ਪਿੰਡ ਕਾਜਮਪੁਰ ਤੋਂ ਗੁਰਪਾਲ ਕੌਰ ਬਣੇ ਸਰਪੰਚ
  • ਨਵਾਂਸ਼ਹਿਰ : ਪਿੰਡ ਉਸਮਾਨਪੁਰ ਤੋਂ ਸੁਰਿੰਦਰ ਪਾਲ ਸਿੰਘ, ਸਵਾਜਪੁਰ ਤੋਂ ਬਲਵਿੰਦਰ ਸਿੰਘ, ਸਲੇਮਪੁਰ ਤੋਂ ਸੰਦੀਪ ਕੁਮਾਰ ਅਤੇ ਸ਼ੈਖੂਪੁਰ ਤੋਂ ਹਰਦੇਵ ਸਿੰਘ ਬਣੇ ਸਰਪੰਚ
  • ਸੜੋਆ : ਸੁਰਿੰਦਰ ਚੇਚੀ ਬਣੇ ਪਿੰਡ ਮੱਖੂਪੁਰ ਸੜੋਆ ਅਤੇ ਬਿੰਦਰ ਕੁਮਾਰ ਬਣੇ ਪਿੰਡ ਚਾਂਦਪੁਰ ਰੁੜਕੀ ਦੇ ਸਰਪੰਚ 
  • ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ 2 ਵਜੇ ਤੱਕ 55 ਫ਼ੀਸਦੀ ਵੋਟਿੰਗ
     
  77.4 ਪ੍ਰਤੀਸ਼ਤ ਮਤਦਾਨ ਨਾਲ ਜ਼ਿਲ੍ਹੇ 'ਚ 324 ਪਿੰਡਾਂ 'ਚ ਪੰਚਾਇਤੀ ਚੋਣਾਂ ਦਾ ਕੰਮ ਸ਼ਾਂਤੀਪੂਰਨ ਸੰਪੂਰਨ
ਨਵਾਂਸ਼ਹਿਰ, 30 ਦਸੰਬਰ (ਗੁਰਬਖਸ਼ ਸਿੰਘ ਮਹੇ/ਹਰਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 324 ਪਿੰਡਾਂ 'ਚ 307 ਸਰਪੰਚਾਂ ਤੇ 1146 ਪੰਚਾਂ ਦੀ ਚੋਣ ਦਾ ਕੰਮ ਅੱਜ ਦੇਰ ਸ਼ਾਮ 77.4 ਪ੍ਰਤੀਸ਼ਤ ਮਤਦਾਨ ਬਾਅਦ ਸ਼ਾਂਤੀਪੂਰਨ ਤੇ ਨਿਰਵਿਘਨਤਾ ਨਾਲ ਸੰਪੂਰਨ ਹੋ ਗਿਆ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨ ਨੇ ਜ਼ਿਲ੍ਹੇ 'ਚ ਚੋਣ ਅਮਲ ਦੌਰਾਨ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਜ਼ਿਲ੍ਹੇ ਦੇ ਵੋਟਰਾਂ ਦਾ ਧੰਨਵਾਦ ਪ੍ਰਗਟਾਇਆ ਹੈ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਖੁਦ ਐਸ ਐਸ ਪੀ ਦੀਪਕ ਹਿਲੌਰੀ ਨੂੰ ਨਾਲ ਲੈ ਕੇ ਸਾਰਾ ਦਿਨ ਜ਼ਿਲ੍ਹੇ ਦੇ ਚੋਣ ਬੂਥਾਂ ਦਾ ਮੁਆਇਨਾ ਵੀ ਕਰਦੇ ਰਹੇ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਵੀ ਲੈਂਦੇ ਰਹੇ। ਉਨ੍ਹਾਂ ਲੰਗੜੋਆ, ਕਾਹਮਾ, ਜਾਡਲਾ, ਟੌਂਸਾ ਤੇ ਰੱਤੇਵਾਲ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ 'ਚ ਲੋਕਤੰਤਰ ਦੀ ਇਸ ਮੁਢਲੀ ਪੌੜੀ ਲਈ ਮਤਦਾਨ 'ਚ ਹਿੱਸਾ ਲੈਣ ਲਈ ਉਤਸ਼ਾਹ ਵਧਾਇਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਮੰਤਵ ਚੋਣਾਂ ਦੌਰਾਨ ਪਿੰਡਾਂ 'ਚ ਭਾਈਚਾਰਕ ਸਾਂਝ, ਅਮਨ ਤੇ ਕਾਨੂੰਨ ਨੂੰ ਬਹਾਲ ਰੱਖਣਾ ਸੀ, ਜਿਸ ਵਿੱਚ ਪੂਰਣ ਕਾਮਯਾਬੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਅੱਜ ਪੂਰਣ ਉਤਸ਼ਾਹ ਨਾਲ ਕੀਤੇ ਮਤਦਾਨ ਬਾਅਦ ਜ਼ਿਲ੍ਹੇ 'ਚ ਮਤਦਾਨ ਦੀ ਪ੍ਰਤੀਸ਼ਤਤਾ ਸੰਤੋਖਜਨਕ ਤੇ ਉਤਸ਼ਾਹੀ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ 'ਚ 159 ਸਰਪੰਚਾਂ ਅਤੇ 1676 ਪੰਚਾਂ ਦੀ ਬਿਨਾਂ ਮੁਕਾਬਲਾ ਚੋਣ ਹੋਣ ਬਾਅਦ, ਅੱਜ 307 ਸਰਪੰਚੀ ਅਤੇ 1146 ਸਰਪੰਚੀ ਦੇ ਅਹੁਦਿਆਂ ਲਈ ਕਰਮਵਾਰ 706 ਤੇ 2346 ਉਮੀਦਵਾਰ ਚੋਣ ਮੈਦਾਨ 'ਚ ਸਨ, ਜਿਨ੍ਹਾਂ ਦੇ ਨਤੀਜਿਆਂ ਦੀ ਘੋਸ਼ਣਾ ਲਈ ਗਿਣਤੀ ਪ੍ਰਗਤੀ ਅਧੀਨ ਹੈ। ਡਿਪਟੀ ਕਮਿਸ਼ਨਰ ਨੇ ਚੋਣ ਅਮਲ ਨੂੰ ਨਿਰਵਿਘਨ ਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਅਮਲ 'ਚ ਤਾਇਨਾਤ 43 ਰਿਟਰਨਿੰਗ ਅਫ਼ਸਰਾਂ ਤੇ ਏਨੇ ਹੀ ਸਹਾਇਕ ਰਿਟਰਨਿੰਗ ਅਫ਼ਸਰਾਂ, 467 ਪੋਲਿੰਗ ਪਾਰਟੀਆਂ 'ਚ ਸ਼ਾਮਿਲ 2335 ਪ੍ਰੀਜ਼ਾਇਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਇਡਿੰਗ ਅਫ਼ਸਰਾਂ ਤੇ ਹੋਰ ਅਮਲੇ, ਸੁਰੱਖਿਆ ਦੇ ਇੰਤਜ਼ਾਮਾਂ 'ਚ ਤਾਇਨਾਤ 1350 ਤੋਂ ਵਧੇਰੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਹੀ ਚੋਣ ਅਮਲ ਨੂੰ ਸਮੇਂ ਸਿਰ ਸ਼ਾਂਤਮਈ ਢੰਗ ਨਾਲ ਨਿਪਟਾਉਣ 'ਚ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਜ਼ਿਲ੍ਹੇ 'ਚ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੌਰਾਨ ਸਫ਼ਲਤਾ ਹਾਸਲ ਕਰਨ ਵਾਲੇ ਉਮੀਦਵਾਰਾਂ ਅਤੇ ਅਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਤੀਜਿਆਂ ਤੋਂ ਬਾਅਦ ਪਿੰਡ 'ਚ ਪੂਰਣ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲੋਕ ਫ਼ਤਵੇ ਦਾ ਸਤਿਕਾਰ ਕਰਦਿਆਂ ਪਿੰਡਾਂ 'ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਜਾਂ ਝਗੜੇ ਦੀ ਨੌਬਤ ਨਾ ਪੈਦਾ ਹੋਣ ਦੇਣ।

ਗਰਾਮ ਪੰਚਾਇਤ ਗਹੂੰਣ ਦੀ ਚੋਣ 'ਚ ਗੁਰਮੁਖ ਸਿੰਘ ਸਹੋਤਾ ਨੇ 146 ਵੋਟਾਂ ਦੇ ਫ਼ਰਕ ਨਾਲ ਕੀਤੀ ਜਿੱਤ ਪ੍ਰਾਪਤ
ਬਲਾਚੌਰ, 30 ਦਸੰਬਰ (ਗੁਰਦੇਵ ਸਿੰਘ ਗਹੂੰਣ)-ਚੋਣ ਕਮਿਸ਼ਨ ਪੰਜਾਬ ਵਲੋਂ ਕਰਵਾਈਆਂ ਗਈਆਂ ਪੰਚਾਇਤ ਚੋਣਾਂ ਵਿਚ ਪਿੰਡ ਗਹੂੰਣ ਵਿਖੇ ਚੋਣ ਅਮਲ ਅਮਨ-ਅਮਾਨ ਨਾਲ ਸਮਾਪਤ ਹੋਇਆ । ਪਿੰਡ ਦੀਆਂ ਕੁੱਲ 973 ਵੋਟਾਂ ਵਿਚੋਂ 812 ਵੋਟਾਂ ਪੋਲ ਹੋਈਆਂ, ਜੋ ਕਿ ਕੁੱਲ ਵੋਟਾਂ ਦਾ 83 ਫ਼ੀ ਸਦੀ ਬਣਦਾ ਹੈ। ਗੁਰਮੁਖ ਸਿੰਘ ਪੁੱਤਰ ਬਲਵੀਰ ਸਿੰਘ ਨੇ ਆਪਣੇ ਵਿਰੋਧੀ ਸੰਤੋਖ ਸਿੰਘ ਨੂੰ 146 ਵੋਟਾਂ ਨਾਲ ਹਰਾਇਆ । ਗੁਰਮੁਖ ਸਿੰਘ ਸਹੋਤਾ ਨੂੰ ਕੁੱਲ 474 ਵੋਟਾਂ ਮਿਲੀਆਂ ਜਦੋਂ ਕਿ ਸੰਤੋਖ ਸਿੰਘ ਨੂੰ 328 ਵੋਟਾਂ ਮਿਲੀਆਂ । ਸਰਪੰਚ ਲਈ 5 ਵੋਟਾਂ ਨੋਟਾਂ ਨੂੰ ਅਤੇ 5 ਵੋਟਾਂ ਰੱਦ ਹੋਈਆਂ। ਗਰਾਮ ਪੰਚਾਇਤ ਗਹੂੰਣ ਦੇ 4 ਮੈਂਬਰ ਪੰਚਾਇਤ ਪਹਿਲਾਂ ਹੀ ਬਿਨਾ ਮੁਕਾਬਲਾ ਚੁਣੇ ਗਏ ਸਨ ਜਦੋਂ ਕਿ ਵਾਰਡ ਨੰਬਰ 5 ਲਈ ਪਈਆਂ ਵੋਟਾਂ ਵਿਚ ਸੁਖਦੇਵ ਸਿੰਘ ਸਹੋਤਾ ਨੇ ਆਪਣੇ ਵਿਰੋਧੀ ਜਰਨੈਲ ਸਿੰਘ ਨੂੰ 12 ਵੋਟਾਂ ਨਾਲ ਹਰਾਇਆ ਜਦੋਂ ਕਿ ਵਾਰਡ ਨੰਬਰ 6 ਤੋਂ ਅਜੀਤ ਸਿੰਘ ਨੇ ਕ੍ਰਿਸ਼ਨ ਲਾਲ ਨੂੰ 28 ਵੋਟਾਂ ਨਾਲ ਅਤੇ ਵਾਰਡ ਨੰਬਰ 7 ਤੋਂ ਹਰੀ ਸਿੰਘ ਦਿਆਲ ਨੇ ਕਰਨੈਲ ਸਿੰਘ ਨੂੰ 6 ਵੋਟਾਂ ਨਾਲ ਹਰਾਇਆ ।

ਪਿੰਡ ਸੁੱਜੋਵਾਲ ਤੋਂ ਕੁਲਵਿੰਦਰ ਕੌਰ ਬਣੀ ਸਰਪੰਚ
ਬਲਾਚੌਰ, 30 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਬਲਾਕ ਦੇ ਪਿੰਡ ਸੁੱਜੋਵਾਲ ਵਿਖੇ ਸਰਪੰਚੀ ਲਈ ਕੁਲਵਿੰਦਰ ਕੌਰ ਜੇਤੂ ਰਹੀ ਉਸ ਨੂੰ 377 ਵੋਟਾਂ ਮਿਲੀਆਂ ਜਦੋਂ ਕਿ ਵਿਰੋਧੀ ਸਕੁੰਤਲਾ ਨੂੰ 182 ਵੋਟਾਂ ਮਿਲੀਆਂ। ਪਿੰਡ ਸੁੱਜੋਵਾਲ ਵਿਖੇ 647 ਵੋਟਾਂ ਵਿਚੋਂ 567 ਵੋਟਾਂ ਪੋਲ ਹੋਈਆਂ।

ਪਿੰਡ ਨੂਰਪੁਰ 'ਚ ਸਰਪੰਚੀ ਦੀ ਚੋਣ ਲਖਵਿੰਦਰ ਸਾਬੀ ਜਿੱਤੇ
ਬੰਗਾ, 30 ਦਸੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਨੂਰਪੁਰ 'ਚ ਸਰਪੰਚੀ ਦੀ ਚੋਣ 'ਚ ਲਖਵਿੰਦਰ ਕੁਮਾਰ ਸਾਬੀ ਨੇ ਕਾਂਗਰਸ ਦੇ ਸੋਢੀ ਰਾਮ ਨੂੰ ਹਰਾਇਆ। ਪਿੰਡ ਵਿਚ ਵਰਿੰਦਰਪਾਲ ਸਿੰਘ ਮਾਨ, ਪਰਮਜੀਤ ਸੁੰਮਨ, ਬਿਮਲਾ ਦੇਵੀ, ਦਵਿੰਦਰ ਕੌਰ, ਸੁਰਿੰਦਰ ਕੁਮਾਰ ਪੰਚ ਚੁਣੇ ਗਏ।

ਪਿੰਡ ਗੜੀ ਭਾਰਟੀ 'ਚ ਯੂਥ ਕਲੱਬ ਦੇ ਸਹਿਯੋਗ ਨਾਲ ਤੀਜੀ ਵਾਰੀ ਸਰਬਸੰਮਤੀ ਨਾਲ ਚੁਣੀ ਪੰਚਾਇਤ
ਔੜ, 30 ਦਸੰਬਰ (ਜਰਨੈਲ ਸਿੰਘ ਖ਼ੁਰਦ)-ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਪਿੰਡ ਦੇ ਬਹੁ ਸੰਮਤੀ ਵੋਟਰਾਂ ਨੇ ਪਹਿਲੇ ਸਾਲਾ ਦੀ ਤਰ੍ਹਾਂ ਆਪਣੀ ਸੂਝਬੂਝ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਤੇ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਲਗਾਤਾਰ ਤੀਜੀ ਵਾਰ ਪਿੰਡ ਦੀ ਸਮੁੱਚੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤੀਸ਼ ਭੋਰੀਆ ਤੇ ਲਵਪ੍ਰੀਤ ਭੋਰੀਆ ਨੇ ਦੱਸਿਆ ਕੇ ਪਿੰਡ ਦੇ ਸਾਰੇ ਵੋਟਰਾਂ ਨੇ ਆਪਸੀ ਪਿਆਰ ਤੇ ਸਦਭਾਵਨਾ ਦਿਖਾਉਂਦੇ ਹੋਏ ਮਹਿੰਦਰ ਸਿੰਘ ਭੋਰੀਆ ਨੂੰ ਸਰਪੰਚ, ਇਸੇ ਤਰ੍ਹਾਂ ਸਾਬਕਾ ਸਰਪੰਚ ਪਵਨ ਕੁਮਾਰ, ਜਸਵੰਤ ਸਿੰਘ, ਪਵਨ ਕੁਮਾਰ, ਸੁਖਵੀਰ ਕੌਰ ਤੇ ਵਿੱਦਿਆ ਦੇਵੀ ਨੂੰ ਪੰਚ ਚੁਣਿਆ ਗਿਆ ਹੈ। ਇਸ ਮੌਕੇ ਨਵੇਂ ਚੁਣੇ ਗਏ ਸਰਪੰਚ ਮਹਿੰਦਰ ਸਿੰਘ ਭੋਰੀਆ ਨੇ ਕਿਹਾ ਕਿ ਸਰਪੰਚ ਬਣਾ ਕੇ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸ ਨੂੰ ਪੂਰੀ ਤਨ ਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਰਮਨ ਭੋਰੀਆ, ਕੇਵਲ ਰਾਮ, ਕੁਲਦੀਪ ਸਿੰਘ ਪ੍ਰਵਾਸੀ ਪੰਜਾਬੀ, ਸਿਮਰਨ, ਸੁਖਵੀਰ ਸਿੰਘ ਵਾਹਲਾ, ਮਨਜੀਤ ਸਿੰਘ, ਕਮਲਜੀਤ ਸਿੰਘ, ਗਗਨਦੀਪ, ਗੁਰਵਿੰਦਰ ਸਿੰਘ ਨੰਬਰਦਾਰ, ਰਣਜੀਤ ਸਿੰਘ, ਅਵਤਾਰ, ਵਿੰਦਰਪਾਲ, ਪ੍ਰਭਜੋਤ ਤੇ ਹਰਵਿੰਦਰ ਭੋਰੀਆ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।

ਪਿੰਡ ਜੱਟਪੁਰ ਤੋਂ ਸਰਪੰਚੀ ਲਈ ਬਲਜਿੰਦਰ ਸਿੰਘ ਬੱਬੂ ਜੇਤੂ
ਬਲਾਚੌਰ, 30 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਕ ਦੇ ਪਿੰਡ ਜੱਟਪੁਰ ਵਿਖੇ ਸਰਪੰਚੀ ਲਈ ਬਲਜਿੰਦਰ ਸਿੰਘ ਬੱਬੂ ਜੇਤੂ ਰਿਹਾ। ਉਸ ਨੂੰ 217 ਵੋਟਾਂ ਮਿਲੀਆਂ ਜਦੋਂ ਕਿ ਵਿਰੋਧੀ ਵਿਜੇ ਕੁਮਾਰ ਨੂੰ 178 ਅਤੇ ਸ਼ਿੰਗਾਰਾਂ ਰਾਮ ਨੂੰ ਸਿਰਫ਼ 30 ਵੋਟਾਂ ਮਿਲੀਆਂ।