ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਮੋਗਾ

         
 
  • ਠੱਠੀ ਭਾਈ : ਪਿੰਡ ਦੱਲੂਵਾਲਾ ਤੋਂ ਬੂਟਾ ਸਿੰਘ ਬਰਾੜ, ਮਾੜੀ ਮੁਸਤਫ਼ਾ ਤੋਂ, ਤੇਜਾ ਸਿੰਘ ਨੰਬਰਦਾਰ,ਪਿੰਡ ਬੰਬੀਹਾ ਭਾਈ ਸੁਰਜੀਤ ਸਿੰਘ ਸਿੱਧੂ ਸਰਪੰਚੀ ਜਿੱਤੇ
  • ਠੱਠੀ ਭਾਈ : ਪਿੰਡ ਮੌੜ ਨੌਂ ਆਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਕੌਰ ਸਰਪੰਚੀ ਜਿੱਤੇ
  •  ਮੋਗਾ : ਬੱਧਨੀ ਖੁਰਦ ਤੋਂ ਕਾਮਰੇਡ ਕੁਲਵੰਤ ਸਿੰਘ ਜੇਤੂ
  •  ਮੋਗਾ : ਅਜੀਤਵਾਲ ਤੋਂ ਗੁਰਿੰਦਰਪਾਲ ਸਿੰਘ ਅਤੇ ਤਖਾਣਵੱਧ ਤੋਂ ਕੁਲਵੰਤ ਸਿੰਘ ਜੇਤੂ
  •  ਬਾਘਾ ਪੁਰਾਣਾ : ਪਿੰਡ ਕੋਟਲਾ ਰਾਏ ਕਾ ਤੋਂ ਕੁਲਜਿੰਦਰ ਕੌਰ ਜੇਤੂ
  •  ਮੋਗਾ : ਬੀਬੀ ਰਜਿੰਦਰ ਕੌਰ ਬਣੀ ਪਿੰਡ ਬੀੜ ਬੱਧਨੀ ਦੀ ਸਰਪੰਚ
  •  ਬਾਘਾਪੁਰਾਣਾ : ਅਕਾਲੀ ਦੀ ਉਮੀਦਵਾਰ ਸੁਖਮੇਲ ਕੌਰ ਨੇ ਜਿੱਤੀ ਸਰਪੰਚੀ ਦੀ ਚੋਣ
  •  ਬੱਧਨੀ ਕਲਾਂ : ਪਿੰਡ ਬੀੜ ਰਾਊਕੇ ਤੋਂ ਅਜ਼ਾਦ ਉਮੀਦਵਾਰ ਬੀਬੀ ਜਸਪ੍ਰੀਤ ਕੌਰ ਜੇਤੂ
  •   ਹਲਕਾ ਧਰਮਕੋਟ ਦੇ ਪਿੰਡ ਰੰਡਿਆਲਾ ਬੀਬੀ ਪਵਨਦੀਪ ਕੌਰ ਜਿੱਤੇ 
     
4:39 pm : ਬੀੜ ਬੱਧਨੀ 'ਚ ਪੰਚਾਇਤੀ ਚੋਣਾਂ ਲਈ ਹੋਈ 80 ਫ਼ੀਸਦੀ ਵੋਟਿੰਗ
ਬੱਧਨੀ ਕਲਾਂ 'ਚ 88 ਫ਼ੀਸਦੀ ਪਈਆਂ ਵੋਟਾਂ
ਹਲਕਾ ਧਰਮਕੋਟ ਵਿਖੇ 2 ਵਜੇ ਤੱਕ 57 ਫੀਸਦੀ ਵੋਟਾਂ ਪੋਲ ਹੋਈਆਂ
ਸਮੁੱਚੇ ਮੋਗਾ 'ਚ 2 ਵਜੇ ਤੱਕ 30 ਫ਼ੀਸਦੀ ਹੋਈ ਵੋਟਿੰਗ
ਪਿੰਡ ਮੱਲਕੇ 'ਚ 65 ਫ਼ੀਸਦੀ ਹੋਈ ਪੋਲਿੰਗ
     
 

ਅਜੀਤਵਾਲ ਤੋਂ ਆਜ਼ਾਦ ਉਮੀਦਵਾਰ ਗੁਰਿੰਦਰ ਸਿੰਘ ਡਿੰਪੀ ਜੇਤੂ
ਅਜੀਤਵਾਲ, 30 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ/ਹਰਦੇਵ ਸਿੰਘ ਮਾਨ)-ਪੰਚਾਇਤੀ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਅਜੀਤਵਾਲ ਤੋਂ ਖੜ੍ਹੇ ਆਜ਼ਾਦ ਉਮੀਦਵਾਰ ਗੁਰਿੰਦਰ ਸਿੰਘ ਡਿੰਪੀ 225 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ। ਇਸ ਸਬੰਧੀ ਰਘਬੀਰ ਸਿੰਘ ਮਾਨ, ਸਾਬਕਾ ਸਰਪੰਚ ਇੰਦਰਜੀਤ ਸਿੰਘ ਰਾਜਾ, ਅਮਨ ਦੇਵ ਫ਼ਾਰ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਗੁਰਿੰਦਰ ਸਿੰਘ ਡਿੰਪੀ ਦੇ ਹੱਕ 'ਚ ਆਪਣਾ ਫ਼ਤਵਾ ਦਿੱਤਾ।

ਪਿੰਡ ਚੀਦਾ ਤੋਂ ਕਾਂਗਰਸ ਦੀ ਉਮੀਦਵਾਰ ਗਿਆਨ ਕੌਰ 71 ਵੋਟਾਂ ਨਾਲ ਜੇਤੂ
ਸਮਾਲਸਰ, 30 ਦਸੰਬਰ (ਕਿਰਨਦੀਪ ਸਿੰਘ ਬੰਬੀਹਾ)-ਚੀਦਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਗਿਆਨ ਕੌਰ ਪਤਨੀ ਮੇਜਰ ਸਿੰਘ ਸਾਬਕਾ ਪੰਚ ਦੇ ਜਿੱਤਣ ਦਾ ਸਮਾਚਾਰ ਹੈ। ਗਿਆਨ ਕੌਰ ਨੇ ਅਕਾਲੀ ਉਮੀਦਵਾਰ ਗੁਰਮੀਤ ਕੌਰ ਨੂੰ 71 ਵੋਟਾਂ ਦੇ ਫ਼ਰਕ ਨਾਲ ਹਰਾਇਆ। ਗਿਆਨ ਕੌਰ ਨੂੰ 650 ਵੋਟਾਂ ਪਈਆਂ ਜਦ ਕਿ ਗੁਰਮੀਤ ਕੌਰ ਨੂੰ 579 ਵੋਟਾਂ ਮਿਲੀਆਂ।

ਤਖਾਣਵੱਧ ਦੇ ਸਰਪੰਚ ਕੁਲਵੰਤ ਸਿੰਘ ਸਮੇਤ ਸਾਰੇ 8 ਮੈਂਬਰ ਜੇਤੂ
ਅਜੀਤਵਾਲ, 30 ਦਸੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਅੱਜ ਹੋਈਆਂ ਪੰਚਾਇਤ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਮੋਗਾ ਬਲਾਕ ਇਕ ਦੇ ਪਿੰਡ ਤਖਾਣਵੱਧ ਦੇ ਕਾਂਗਰਸ ਉਮੀਦਵਾਰ ਸਰਪੰਚ ਕੁਲਵੰਤ ਸਿੰਘ ਸਮੇਤ ਸਾਰੇ 8 ਮੈਂਬਰ ਜਿੱਤ ਗਏ। ਕੁਲਵੰਤ ਸਿੰਘ ਦੇ ਸਰਪੰਚ ਬਣਨ 'ਤੇ ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਅਤੇ ਹੋਰ ਆਗੂਆਂ ਨੇ ਵਧਾਈਆਂ ਦਿੱਤੀਆਂ।

ਬੀੜ ਰਾਊਕੇ ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ ਸਰਪੰਚੀ ਦੀ ਚੋਣ 'ਚੋਂ ਜੇਤੂ
ਬੱਧਨੀ ਕਲਾਂ, 30 ਦਸੰਬਰ (ਨਿਰਮਲਜੀਤ ਸਿੰਘ ਧਾਲੀਵਾਲ)-ਨਜ਼ਦੀਕੀ ਪਿੰਡ ਬੀੜ ਰਾਊਕੇ ਦੀ ਹੋਈ ਸਰਪੰਚੀ ਦੀ ਚੋਣ ਦੌਰਾਨ ਆਏ ਨਤੀਜੇ 'ਚੋਂ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ 185 ਵੋਟਾਂ 'ਤੇ ਜੇਤੂ ਰਹੀ। ਉਨ੍ਹਾਂ ਨੂੰ ਕੁੱਲ 743 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਵਿਰੋਧੀ ਧਿਰ ਕਾਂਗਰਸੀ ਉਮੀਦਵਾਰ ਨੂੰ 558 ਵੋਟਾਂ ਹੀ ਮਿਲੀਆਂ।

ਪਿੰਡ ਡਾਲਾ ਤੋਂ ਬਲਜਿੰਦਰ ਸਿੰਘ ਬੱਲੀ ਪੱਖੀ 10 ਮੈਂਬਰ ਜੇਤੂ
ਅਜੀਤਵਾਲ, 30 ਦਸੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਅੱਜ ਡਾਲਾ ਵਿਖੇ ਹੋਈ ਪੰਚਾਇਤੀ ਚੋਣਾਂ ਦੌਰਾਨ ਬਲਜਿੰਦਰ ਸਿੰਘ ਬੱਲੀ ਪੱਖੀ 10 ਪੰਚਾਇਤ ਮੈਂਬਰ ਜੇਤੂ ਹੋ ਨਿੱਬੜੇ। ਇਸ ਸਬੰਧੀ ਬਲਜਿੰਦਰ ਸਿੰਘ ਬੱਬੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਸਰਪੰਚੀ ਦੇ ਉਮੀਦਵਾਰ ਨਾਲ ਬਹੁਤ ਧੱਕਾ ਹੋਇਆ ਤੇ ਉਮੀਦਵਾਰ ਦੇ ਜਬਰੀ ਕਾਗ਼ਜ਼ ਵੀ ਰੱਦ ਕੀਤੇ ਗਏ ਸਨ, ਜਿਸ ਦਾ ਫ਼ਤਵਾ ਵੋਟਰਾਂ ਵਲੋਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੱਸ ਦਿੱਤਾ ਹੈ ਕਿ ਲੋਕ ਕਿਸ ਨੂੰ ਚਾਹੁੰਦੇ ਹਨ। ਇਸ ਸਬੰਧੀ ਸਾਬਕਾ ਏ.ਈ.ਓ. ਪਰਮਜੀਤ ਸਿੰਘ ਡਾਲਾ ਨੇ ਵਧਾਈ ਦਿੰਦਿਆਂ ਕਿਹਾ ਇਹ ਬਹੁਤ ਹੀ ਸਹੀ ਫ਼ੈਸਲਾ ਹੈ। ਇਸ ਮੌਕੇ ਜਪਨਾਮ ਸਿੰਘ, ਜਸਵਿੰਦਰ ਸਿੰਘ ਫ਼ੌਜੀ, ਸੁਮਨਪ੍ਰੀਤ ਕੌਰ ਪਤਨੀ ਜਗਜੀਵਨ ਸਿੰਘ, ਪਵਨਦੀਪ ਕੌਰ ਪਤਨੀ ਜਸਪਾਲ ਸਿੰਘ, ਕੁਲਵੰਤ ਕੌਰ ਪਤਨੀ ਬਲਵਿੰਦਰ ਸਿੰਘ, ਗੁਰਮੇਲ ਕੌਰ ਪਤਨੀ ਮਹਿੰਦਰ ਸਿੰਘ, ਪਰਮਜੀਤ ਕੌਰ ਪਤਨੀ ਚਰਨਜੀਤ ਸਿੰਘ, ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ।

ਸਮਾਧ ਭਾਈ ਦੀਆਂ 6 ਪੰਚਾਇਤਾਂ 'ਚੋਂ 3 ਦੇ ਨਤੀਜਿਆਂ ਦਾ ਐਲਾਨ
ਸਮਾਧ ਭਾਈ, 30 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਪੰਚਾਇਤੀ ਚੋਣਾਂ 'ਚ ਪਿੰਡ ਸਮਾਧ ਭਾਈ ਦੀਆਂ 6 ਗਰਾਮ ਪੰਚਾਇਤਾਂ 'ਚੋਂ 3 ਦੇ ਨਤੀਜਿਆਂ 'ਚ ਗਰਾਮ ਪੰਚਾਇਤ ਨਾਨਕਸਰ 'ਚ ਜਸਵੀਰ ਕੌਰ ਨੇ ਕਮਲਜੀਤ ਕੌਰ ਨੂੰ 17 ਵੋਟਾਂ ਨਾਲ ਹਰਾਇਆ, ਕੋਠੇ ਕਰਤਾਰ ਸਿੰਘ 'ਚ ਸ਼ਰਨਜੀਤ ਕੌਰ ਨੇ ਕੁਲਦੀਪ ਕੌਰ ਨੂੰ 23 ਵੋਟਾਂ ਨਾਲ ਅਤੇ ਕੋਠੇ ਭੂਮਰਾਜ 'ਚ ਕੁਲਵਿੰਦਰ ਸਿੰਘ ਨੇ ਗੁਰਜੀਤ ਸਿੰਘ ਨੂੰ 122 ਵੋਟਾਂ ਨਾਲ ਹਰਾਇਆ।

ਪੰਚਾਇਤੀ ਚੋਣਾਂ ਨੂੰ ਲੈ ਕੇ ਹੋਈ 78.84 ਫੀਸਦੀ ਪੋਲਿੰਗ, ਨਤੀਜੇ ਦੇਰ ਰਾਤ ਤੱਕ ਮੁਕੰਮਲ ਹੋਣ ਦੀ ਉਮੀਦ
ਬਾਘਾ ਪੁਰਾਣਾ, 30 ਦਸੰਬਰ (ਬਲਰਾਜ ਸਿੰਗਲਾ)-ਪੰਚਾਇਤੀ ਚੋਣਾਂ ਨੂੰ ਲੈ ਕੇ ਬਲਾਕ ਬਾਘਾ ਪੁਰਾਣਾ ਦੇ 130 ਬੂਥਾਂ ਉੱਪਰ ਸਰਪੰਚੀ ਅਤੇ ਪੰਚੀ ਦੀਆਂ ਵੋਟਾਂ ਪਈਆਂ। ਲੋਕਾਂ 'ਚ ਭਾਰੀ ਉਤਸ਼ਾਹ ਹੋਣ ਕਰਕੇ 78.04 ਫੀਸਦੀ ਤੱਕ ਵੋਟਾਂ ਪੋਲ ਹੋਈਆਂ। ਸਰਪੰਚੀ ਲਈ 127 ਅਤੇ ਪੰਚੀ ਲਈ 582 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ। ਸਰਪੰਚੀ ਲਈ 64992 ਅਤੇ ਪੰਚੀ ਲਈ 66579 ਵੋਟਰ ਸਨ ਜਿਨ੍ਹਾਂ 'ਚੋਂ 78.84 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ। ਵੋਟਾਂ ਪਾਉਣ ਦਾ ਸਮਾਂ ਬੇਸ਼ੱਕ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਸੀ ਪਰ 4 ਵੱਜਣ ਦੇ ਬਾਵਜੂਦ ਵੀ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੱਗੀਆ ਹੋਈਆ ਲੰਮੀਆਂ ਕਤ੍ਹਾਰਾਂ ਸਦਕਾ ਪੋਲਿੰਗ ਦਾ ਕੰਮ ਦੇਰ ਨਾਲ ਮੁਕੰਮਲ ਹੋਇਆ ਜਿਸ ਕਰਕੇ ਸਰਪੰਚੀ ਅਤੇ ਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਪਈਆ ਹੋਈਆ ਵੋਟਾਂ ਦੀ ਗਿਣਤੀ ਦੇਰ ਨਾਲ ਅਰੰਭ ਹੋਈ। ਪੋਲਿੰਗ ਅਮਲੇ ਵੱਲੋਂ ਉੱਪ-ਮੰਡਲ ਮਜਿਸਟ੍ਰੇਟ ਸਵਰਨਜੀਤ ਕੌਰ, ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਹੋਰਨਾਂ ਚੋਣ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਦਾ ਕੰਮ ਤੇਜੀ ਨਾਲ ਅਰੰਭਿਆ ਹੋਇਆ ਹੈ। ਮੁਕੰਮਲ ਨਤੀਜੇ ਦੇਰ ਰਾਤ ਤੱਕ ਮਿਲਣ ਦੀ ਉਮੀਦ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਰਾਜੇਆਣਾ ਖੁਰਦ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਖਮੇਲ ਕੌਰ ਢਿੱਲੋਂ ਪਤਨੀ ਨਿਰਮਲ ਸਿੰਘ ਢਿੱਲੋਂ ਅਤੇ ਕੋਟਲਾ ਰਾਏਕਾ ਤੋਂ ਕੁਲਜਿੰਦਰ ਕੌਰ ਸਰਪੰਚੀ ਦੀ ਚੋਣ 'ਚ ਜੇਤੂ ਰਹੀਆਂ। ਖ਼ਬਰ ਭੇਜੇ ਜਾਣ ਤੱਕ ਵੋਟਾਂ ਦੀ ਗਿਣਤੀ ਜਾਰੀ ਸੀ।

ਜਥੇਦਾਰ ਤੋਤਾ ਸਿੰਘ ਦੇ ਆਪਣੇ ਪਿੰਡੋਂ ਅਕਾਲੀ ਉਮੀਦਵਾਰ ਹਾਰਿਆ
ਨਿਹਾਲ ਸਿੰਘ ਵਾਲਾ, 30 ਦਸੰਬਰ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)- ਬਲਾਕ ਨਿਹਾਲ ਸਿੰਘ ਵਾਲਾ 'ਚ ਹੋਈਆਂ ਪੰਚਾਇਤੀ ਚੋਣਾਂ ਵਿਚ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਜੱਦੀ ਪਿੰਡ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਸਰਬਜੀਤ ਕੌਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਥੋਂ ਕਾਂਗਰਸ ਤੇ ਸਾਂਝੇ ਫਰੰਟ ਦੇ ਉਮੀਦਵਾਰ ਪਰਵਿੰਦਰ ਕੌਰ ਨੇ  ਜਿੱਤ ਪ੍ਰਾਪਤ ਕੀਤੀ ਹੈ। ਇਸ ਮੌਕੇ ਚੁਣੇ ਗਏ ਮੈਂਬਰ ਗੁਰਬਚਨ ਸਿੰਘ, ਜਸਵੰਤ ਕੌਰ, ਸਾਬਕਾ ਸਰਪੰਚ ਸਵਰਨ ਸਿੰਘ, ਮੇਜਰ ਸਿੰਘ ਬਰਾੜ ਸਾਬਕਾ ਚੇਅਰਮੈਨ, ਗੁਰਦੇਵ ਸਿੰਘ ਸਿੱਧੂ, ਐਡਵੋਕੇਟ ਕੰਮਲਦੀਪ ਸਿੰਘ ਦੀਦਾਰੇਵਾਲਾ, ਹਰਨੇਕ ਸਿੰਘ ਬਰਾੜ ਪ੍ਰਧਾਨ, ਬਚਨ ਸਿੰਘ, ਬਲਵੀਰ ਸਿੰਘ,  ਸਰਪੰਚ ਜਸਪਾਲ ਸਿੰਘ ਗੋਰੀ ਪੱਤੋ, ਦੀਦਾਰ ਸਿੰਘ ਆਦਿ ਹਾਜ਼ਰ ਸਨ।

ਸਰਪੰਚੀ ਦੇ 127 ਅਤੇ ਪੰਚੀ ਦੇ 582 ਉਮੀਦਵਾਰਾਂ ਲਈ 130 ਬੂਥਾਂ 'ਤੇ ਹੋਈ ਪੋਲਿੰਗ
ਬਾਘਾ ਪੁਰਾਣਾ, 30 ਦਸੰਬਰ (ਬਲਰਾਜ ਸਿੰਗਲਾ)-ਜਿਨ੍ਹਾਂ ਪਿੰਡਾਂ ਵਿਚ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਲਈ ਸਰਬਸੰਮਤੀ ਨਹੀਂ ਹੋਈ ਉਨ੍ਹਾਂ ਬਾਕੀ ਰਹਿੰਦੇ ਪਿੰਡਾਂ 'ਚ ਸਰਪੰਚੀ ਦੇ 127 ਅਤੇ ਪੰਚੀ ਦੇ 582 ਉਮੀਦਵਾਰਾਂ ਲਈ ਚੋਣ ਅਮਲੇ ਵਲੋਂ ਐਸ.ਡੀ.ਐਮ. ਸਵਰਨਜੀਤ ਕੌਰ ਅਤੇ ਰਿਟਰਨਿੰਗ ਅਫ਼ਸਰਾਂ ਦੀ ਦੇਖ-ਰੇਖ ਹੇਠ ਅੱਜ ਪੋਲਿੰਗ ਕਰਵਾਈ ਗਈ। ਇਨ੍ਹਾਂ ਚੋਣਾਂ ਨੂੰ ਲੈ ਕੇ ਸਰਪੰਚੀ ਈ 64992 ਅਤੇ ਪੰਚੀ ਲਈ 66579 ਵੋਟਰ ਆਪਣੀ ਵੋਟ ਦੀ ਵਰਤੋਂ ਕਰ ਸਕਦੇ ਹਨ। ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਵਿਧਾਨ ਸਭਾ ਅਤੇ ਪਾਰਲੀਮੈਂਟ ਦੀਆਂ ਚੋਣਾਂ ਵਾਂਗੂੰ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਸ਼ਾਸਨ ਅਤੇ ਪੁਲਿਸ ਵਲੋਂ ਹਰੇਕ ਪੋਲਿੰਗ ਬੂਥ 'ਤੇ ਪੋਲਿੰਗ ਪਾਰਟੀਆਂ ਅਤੇ ਸੁਰੱਖਿਆ ਦਸਤੇ ਤਾਇਨਾਤ ਕਰਨ ਦੇ ਬਾਵਜੂਦ ਵੀ ਪੁਲਿਸ ਅਤੇ ਪ੍ਰਸ਼ਾਸਨ ਦੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਵੀ ਚੋਣਾਂ ਦੇ ਕੰਮ ਨੂੰ ਲੈ ਕੇ ਪੋਲਿੰਗ ਦੇ ਕੰਮ ਦਾ ਨਿਰੀਖਣ ਕੀਤਾ ਗਿਆ। ਐਸ.ਡੀ.ਐਮ. ਸਵਰਨਜੀਤ ਕੌਰ ਨੇ ਵੀ ਸਵੇਰੇ 8 ਵਜੇ ਹੀ ਪੋਲਿੰਗ ਦਾ ਕੰਮ ਸ਼ੁਰੂ ਹੁੰਦਿਆਂ ਹੀ ਪੋਲਿੰਗ ਕੇਂਦਰਾਂ ਉੱਪਰ ਪਹੁੰਚ ਕੇ ਪੋਲਿੰਗ ਦੇ ਕੰਮ ਦਾ ਨਿਰੀਖਣ ਕੀਤਾ। ਪੋਲਿੰਗ ਦੇ ਕੰਮ ਨੂੰ ਲੈ ਕੇ ਤਹਿਸੀਲਦਾਰ ਲਕਸੈ ਕੁਮਾਰ ਗੁਪਤਾ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਅਤੇ ਹੋਰਨਾਂ ਅਧਿਕਾਰੀਆਂ ਨੇ ਵੀ ਚੋਣਾਂ 'ਚ ਵੱਖ-ਵੱਖ ਡਿਊਟੀਆਂ ਨਿਭਾਈਆਂ। ਖ਼ਬਰ ਭੇਜੇ ਜਾਣ ਤੱਕ ਪੋਲਿੰਗ ਕੇਂਦਰਾਂ ਦੇ ਬਾਹਰ ਵੋਟਾਂ ਪਾਉਣ ਵਾਲਿਆਂ ਦੀ ਭਰਮਾਰ ਲੱਗੀ ਹੋਈ ਸੀ।

ਕਾਂਗਰਸੀ ਆਗੂ ਜਸਵਿੰਦਰ ਸਿੰਘ ਦੀ ਪਤਨੀ ਜਸਪਿੰਦਰ ਕੌਰ ਪਿੰਡ ਤਖ਼ਤੂਵਾਲਾ ਤੋਂ ਸਰਪੰਚ ਬਣੇ
ਫ਼ਤਿਹਗੜ੍ਹ ਪੰਜਤੂਰ, 30 ਦਸੰਬਰ (ਜਸਵਿੰਦਰ ਸਿੰਘ)-ਸਰਪੰਚੀ ਅਤੇ ਪੰਚੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਪਿੰਡ ਤਖਤੂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵੋਟਾਂ ਪਾਈਆਂ ਗਈ, ਜਿਸ 'ਚ ਸਰਪੰਚੀ ਦੇ 2 ਉਮੀਦਵਾਰ ਜਿਨ੍ਹਾਂ ਵਿਚ ਜਸਵਿੰਦਰ ਸਿੰਘ ਤਖਤੂਵਾਲਾ ਲੋਕ ਸਭਾ ਜਰਨਲ ਸਕੱਤਰ ਯੂਥ ਕਾਂਗਰਸ ਦੀ ਪਤਨੀ ਜਸਪਿੰਦਰ ਕੌਰ ਅਤੇ ਗੁਰਭੇਜ ਸਿੰਘ ਤਖਤੂਵਾਲਾ ਦੀ ਪਤਨੀ ਗੁਰਪਿੰਦਰ ਕੌਰ ਦੇ ਵਿਚ ਮੁਕਾਬਲਾ ਸੀ। ਪਿੰਡ ਨਿਵਾਸੀਆਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਜਿਸ 'ਚ ਜਸਪਿੰਦਰ ਕੌਰ ਨੇ 111 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਜਿੱਤ ਦੌਰਾਨ ਪਿੰਡ ਨਿਵਾਸੀਆਂ ਵਲੋਂ ਜੇਤੂ ਸਰਪੰਚ ਅਤੇ ਉਨ੍ਹਾਂ ਦੀ ਟੀਮ ਦੇ ਜੇਤੂ ਮੈਂਬਰਾਂ ਨੂੰ ਗਲ ਵਿਚ ਹਾਰ ਪਾ ਕੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਪਿੰਡ ਨਿਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਇਸ ਸਭ ਦਾ ਸਿਹਰਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਸਿਰ ਜਾਂਦਾ ਹੈ। ਇਸ ਮੌਕੇ ਜੇਤੂ ਮੈਂਬਰ ਵੀਰਪਾਲ ਕੌਰ, ਗੁਰਬਖ਼ਸ਼ ਸਿੰਘ, ਹਰਜਿੰਦਰ ਸਿੰਘ, ਮਹਿਲ ਸਿੰਘ ਤੋਂ ਇਲਾਵਾ ਪਿੰਡ ਨਿਵਾਸੀ ਹਾਜ਼ਰ ਸਨ।

ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਪੋਲਿੰਗ ਕੇਂਦਰਾਂ ਦੇ ਬਾਹਰ ਲੋਕਾਂ ਦੀਆਂ ਜੁੜੀਆਂ ਭੀੜਾਂ
ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਢੋਣ ਲਈ ਪੋਲਿੰਗ ਕੇਂਦਰ ਤੱਕ ਹੁੰਦੀ ਰਹੀ ਢੋਆ-ਢੁਆਈ
ਬਾਘਾ ਪੁਰਾਣਾ, 30 ਦਸੰਬਰ (ਬਲਰਾਜ ਸਿੰਗਲਾ)-ਅੱਜ ਪੰਚਾਇਤੀ ਚੋਣਾਂ ਸਬੰਧੀ ਵੋਟਾਂ ਪਾਉਣ ਦੀ ਚੋਣ ਪ੍ਰਕਿਰਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਬੇਸ਼ੱਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਤਾਂ ਜੋ ਪੋਲਿੰਗ ਕੇਂਦਰਾਂ ਦੇ ਬਾਹਰ ਵਾਧੂ ਭੀੜ ਇਕੱਠੀ ਹੋਣ ਨਾਲ ਕਿਸੇ ਤਰ੍ਹਾਂ ਦੀ ਕੋਈ ਦੰਗਾ ਫ਼ਸਾਦ ਵਾਲੀ ਘਟਨਾ ਨਾ ਵਾਪਰ ਸਕੇ ਪਰ ਫਿਰ ਵੀ ਬਾਘਾ ਪੁਰਾਣਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਪੱਤਰਕਾਰਾਂ ਵਲੋਂ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਪੋਲਿੰਗ ਕੇਂਦਰਾਂ ਦੇ ਬਾਹਰ ਲੋਕਾਂ ਦੀਆਂ ਭੀੜਾਂ ਜੁੜੀਆਂ ਹੋਈਆਂ ਸਨ। ਇੱਥੇ ਹੀ ਬਸ ਨਹੀਂ ਉਮੀਦਵਾਰਾਂ ਦੇ ਪ੍ਰਚਾਰ ਲਈ ਛਪਾਏ ਹੋਏ ਚੋਣ ਨਿਸ਼ਾਨਾਂ ਵਾਲੇ ਸਟਿੱਕਰ ਜਿਨ੍ਹਾਂ ਵਾਹਨਾਂ 'ਤੇ ਲੱਗੇ ਹੋਏ ਸਨ, ਉਹ ਗੱਡੀਆਂ ਪੋਲਿੰਗ ਕੇਂਦਰਾਂ ਤੱਕ ਵੋਟਰਾਂ ਦੀ ਢੋਆ-ਢੁਆਈ ਕਰ ਰਹੀਆਂ ਹਨ, ਬਹੁਤੇ ਪਿੰਡਾਂ 'ਚ ਉਮੀਦਵਾਰ ਪੋਲਿੰਗ ਕੇਂਦਰਾਂ ਦੇ ਅੰਦਰ ਸਥਾਪਿਤ ਬੂਥਾਂ ਦੇ ਬਾਹਰ ਲੱਗੀਆਂ ਹੋਈਆਂ ਵੋਟਰਾਂ ਦੀਆਂ ਕਤਾਰਾਂ ਕੋਲ ਖੜ੍ਹ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਦੇ ਦੇਖੇ ਗਏ।
ਅੰਗਹੀਣਾਂ, ਬਜ਼ੁਰਗਾਂ ਤੇ ਬਿਮਾਰਾਂ 'ਚ ਵੀ ਵੋਟਾਂ ਪਾਉਣ ਲਈ ਰਿਹਾ ਭਾਰੀ ਉਤਸ਼ਾਹ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਪੰਚਾਇਤੀ ਚੋਣਾਂ ਲਈ ਅੱਜ ਜਿਉਂ ਹੀ ਵੋਟਾਂ ਪਾਉਣ ਲਈ 8 ਵਜੇ ਪੋਲਿੰਗ ਦਾ ਕੰਮ ਸ਼ੁਰੂ ਹੋਇਆ ਤਾਂ ਪੋਲਿੰਗ ਕੇਂਦਰਾਂ ਅਤੇ ਬੂਥਾਂ ਦੇ ਬਾਹਰ ਜਿੱਥੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਉੱਥੇ ਬਜ਼ੁਰਗਾਂ, ਬਿਮਾਰਾਂ, ਅੰਗਹੀਣਾਂ ਅਤੇ ਸਿਹਤ ਪੱਖੋਂ ਕਮਜ਼ੋਰ ਵੋਟਰਾਂ 'ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਜੋ ਆਪਣੇ ਪਰਿਵਾਰਿਕ ਮੈਂਬਰਾਂ ਦੇ ਸਹਾਰੇ ਨਾਲ ਵਾਕਰ ਦੇ ਸਹਾਰੇ, ਵੀਲਚੇਅਰ ਦੇ ਸਹਾਰੇ, ਸਟਿੱਕਾਂ ਦੇ ਸਹਾਰੇ ਪੋਲਿੰਗ ਬੂਥਾਂ ਤੱਕ ਪਹੁੰਚ ਕਰ ਕੇ ਆਪਣੀ ਵੋਟ ਪਈ ਗਈ ਤਾਂ ਜੋ ਆਪਣੀ ਮਨਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਕੇ ਸਰਪੰਚਾਂ ਅਤੇ ਪੰਚਾਂ ਦੀ ਸਹੀ ਚੋਣ ਕਰ ਸਕਣ। ਕਈ ਪਿੰਡਾਂ 'ਚ ਬਜ਼ੁਰਗਾਂ ਨੂੰ ਪਰਿਵਾਰਿਕ ਮੈਂਬਰ ਚੁੱਕ ਕੇ ਬੂਥਾਂ ਤੱਕ ਲਿਜਾਂਦੇ ਹੋਏ ਦੇਖੇ ਗਏ।
ਪਿੰਡ ਲੋਪੋ 'ਚ ਅਮਨ-ਸ਼ਾਂਤੀ ਨਾਲ ਵੋਟਰਾਂ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
ਬੱਧਨੀ ਕਲਾਂ, (ਸੰਜੀਵ ਕੋਛੜ)- ਨੇੜਲੇ ਪਿੰਡ ਲੋਪੋ ਵਿਖੇ ਪੰਚਾਇਤ ਦੀਆਂ ਹੋ ਰਹੀਆਂ ਵੋਟਾਂ 'ਚ ਵੋਟਰਾਂ ਨੇ ਆਪਣੀ ਸੂਝ-ਬੂਝ ਅਤੇ ਅਮਨ-ਸ਼ਾਂਤੀ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਰਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟਰ ਸਵੇਰੇ 8 ਵਜੇ ਤੋਂ ਹੀ ਲੰਮੀਆਂ-ਲੰਮੀਆਂ ਕਤਾਰਾਂ 'ਚ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ। ਕੇਵਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਪੈ ਰਹੀਆਂ ਵੋਟਾਂ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਅਮਲੇ ਨੇ ਦੱਸਿਆ ਕਿ ਦੁਪਹਿਰ 12 ਵਜੇ ਤੱਕ ਵਾਰਡ ਨੰ. 4 'ਚ ਕੁੱਲ 673 ਚੋਂ 172, ਵਾਰਡ ਨੰ. 5 'ਚ 662 ਵੋਟਾਂ ਚੋਂ 207, ਵਾਰਡ ਨੰ. 6 'ਚ 587 ਚੋਂ 156, ਵਾਰਡ ਨੰ. 7 'ਚ 577 ਚੋਂ 264, ਵਾਰਡ ਨੰ. 8 'ਚ 639 ਚੋਂ 54, ਵਾਰਡ ਨੰ. 9 'ਚ 567 ਚੋਂ 117, ਵਾਰਡ ਨੰ. 10 'ਚ 583 ਚੋਂ 163, ਵਾਰਡ ਨੰ. 11 'ਚ 675 ਚੋਂ 240 ਵੋਟਾਂ ਪੋਲ ਹੋਈਆਂ। ਡੀ.ਐਸ.ਪੀ. ਸੁਬੇਗ ਸਿੰਘ ਅਤੇ ਥਾਣਾ ਮੁਖੀ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਫੋਰਸਾਂ ਨੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਗਲੇ ਪਿੰਡਾਂ 'ਚ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਹਨ ਅਤੇ ਖ਼ਬਰ ਲਿਖੇ ਜਾਣ ਤੱਕ ਕਿਸੇ ਕਿਸਮ ਦੀ ਕੋਈ ਘਟਨਾ ਨਹੀਂ ਵਾਪਰੀ।
ਪੰਚਾਇਤੀ ਚੋਣ ਲਈ ਵੋਟਾਂ ਪਾਉਣ ਵਾਸਤੇ ਔਰਤਾਂ 'ਚ ਭਾਰੀ ਉਤਸ਼ਾਹ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਪੰਚਾਇਤੀ ਚੋਣਾਂ ਨੂੰ ਲੈ ਕੇ ਔਰਤਾਂ ਵੀ ਮਰਦਾਂ ਤੋਂ ਕਿਤੇ ਘੱਟ ਨਹੀਂ ਕਿਉਂਕਿ ਆਪਣੀ ਮਰਜ਼ੀ ਦਾ ਸਰਪੰਚ ਤੇ ਪੰਚ ਚੁਣਨ ਲਈ ਔਰਤਾਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਕਰ ਕੇ ਪਿੰਡਾਂ ਵਿਚ ਅੱਜ ਪੋਲਿੰਗ ਦਾ ਸਮਾਂ ਹੁੰਦਿਆਂ ਹੀ ਪੋਲਿੰਗ ਕੇਂਦਰਾਂ ਤੇ ਪੋਲਿੰਗ ਬੂਥਾਂ ਅੱਗੇ ਔਰਤਾਂ ਦੀ ਭਾਰੀ ਭਰਮਾਰ ਲੰਗ ਗਈ। ਔਰਤਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਦੇਖੀਆਂ ਗਈਆਂ। ਵੱਖ-ਵੱਖ ਔਰਤਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਸਵੇਰ-ਸਵੇਰੇ ਵੋਟ ਪਾ ਕੇ ਜਲਦ  ਵਿਹਲੀਆਂ ਹੋਣਾ ਚਾਹੁੰਦੀਆਂ ਹਨ। ਔਰਤਾਂ ਨੇ ਇਹ ਵੀ ਦੱਸਿਆ ਕਿ ਉਹ ਵੀ ਚਾਹੁੰਦੀਆਂ ਹਨ ਉਹੀ ਸਰਪੰਚ ਤੇ ਪੰਚ ਚੁਣੇ ਜਾ ਸਕਣ ਜੋ ਵਿਕਾਸ ਅਤੇ ਲੋਕ ਹਿਤ ਹੋਣ।
ਠੱਠੀ ਭਾਈ 'ਚ ਪੰਚਾਇਤੀ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਮੁਕੰਮਲ
ਠੱਠੀ ਭਾਈ, (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਠੱਠੀ ਭਾਈ ਵਿਖੇ ਪੰਚਾਂ ਦੀ ਚੋਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਬੇਸ਼ੱਕ ਠੱਠੀ-ਭਾਈ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਸੀ ਪਰ ਲੋਕਾਂ ਨੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਵੋਟਾਂ ਪਾਈਆਂ। ਠੱਠੀ ਭਾਈ ਵਿਖੇ ਹੋਣ ਵਾਲੀ ਗੜਬੜੀ ਦੀਆਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਮੱਦੇਨਜ਼ਰ ਐਸ.ਐਸ.ਪੀ. ਮੋਗਾ ਗੁਲਨੀਤ ਸਿੰਘ ਇਥੇ ਲੰਬਾ ਸਮਾਂ ਭਾਰੀ ਪੁਲਿਸ ਫੋਰਸ ਨਾਲ ਮੌਜੂਦ ਰਹੇ।
ਕਸਬਾ ਸਮਾਲਸਰ ਦੇ ਆਸ-ਪਾਸ ਪਿੰਡਾਂ 'ਚ ਵੋਟਾਂ ਅਮਨ ਢੰਗ ਨਾਲ ਨੇਪਰੇ ਚੜ੍ਹੀਆਂ-78 ਫ਼ੀਸਦੀ ਹੋਇਆ ਮਤਦਾਨ
ਸਮਾਲਸਰ, (ਕਿਰਨਦੀਪ ਸਿੰਘ ਬੰਬੀਹਾ)- ਕਸਬਾ ਸਮਾਲਸਰ (ਮੋਗਾ) ਦੇ ਆਸ-ਪਾਸ ਪਿੰਡਾਂ ਬੰਬੀਹਾ ਭਾਈ, ਵਾਂਦਰ, ਸੁਖਾਨੰਦ, ਸੁਖਾਨੰਦ ਖ਼ੁਰਦ, ਸੰਤੂ ਵਾਲਾ, ਚੀਦਾ, ਸਾਹੋਕੇ, ਮੱਲ ਕੇ, ਸਮਾਲਸਰ, ਲੰਡੇ, ਰੋਡੇ, ਵੈਰੋਕੇ ਆਦਿ ਪਿੰਡਾਂ 'ਚ ਮੌਕੇ 'ਤੇ ਜਾ ਕੇ ਇਕੱਤਰ ਕੀਤੀ। ਜਾਣਕਾਰੀ ਅਨੁਸਾਰ ਮਾੜੀ ਮੋਟੀ ਤਖਲ-ਹਲੀਮੀ ਨੂੰ ਛੱਡ ਕੇ ਪੰਚਾਇਤੀ ਚੋਣਾਂ 'ਚ ਵੋਟਾਂ ਪੂਰ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਬਹੁਤੇ ਪਿੰਡਾਂ 'ਚ ਸੱਤਾਧਾਰੀ ਧਿਰ ਭਾਵ ਕਾਂਗਰਸ ਪਾਰਟੀ ਦੇ ਹੀ ਸਰਪੰਚੀ ਦੇ ਉਮੀਦਵਾਰ ਇਕ ਦੂਜੇ ਵਿਰੁੱਧ ਚੋਣਾਂ ਲੜ ਰਹੇ ਸਨ। ਇਨ੍ਹਾਂ ਪੰਚਾਇਤੀ ਚੋਣਾ ਵਿਚ ਹਰ ਵਾਰ ਦੀ ਤਰ੍ਹਾਂ ਵੋਟਾਂ ਦੀ ਖ਼ਰੀਦੋ ਫ਼ਰੋਖ਼ਤ, ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਨ ਦੀ ਚਰਚਾ ਜ਼ੋਰਾਂ 'ਤੇ ਰਹੀ। ਉਕਤ ਪਿੰਡਾਂ ਵਿਚ 78 ਤੋਂ 80 ਫ਼ੀਸਦੀ ਵੋਟ ਪਏ। ਖ਼ਬਰ ਲਿਖੇ ਜਾਣ ਤੱਕ ਉਕਤ ਪਿੰਡਾਂ ਵਿਚ ਸਰਪੰਚ ਦੇ ਕਿਸੇ ਉਮੀਦਵਾਰ ਬਾਰੇ ਪਤਾ ਨਹੀਂ ਲੱਗ ਸਕਿਆ ਕਿਉਂਕਿ ਇਨ੍ਹਾਂ ਪਿੰਡਾਂ 'ਚ ਵੋਟਾਂ ਦੀ ਗਿਣਤੀ ਜਾਰੀ ਸੀ।