ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਸੰਗਰੂਰ

         
 
  • ਮਲੇਰਕੋਟਲਾ : ਪਿੰਡ ਬਿੰਜੋਕੀ ਖੁਰਦ ਤੋਂ ਰੁਖਸਾਨਾ ਨੇ ਜਿੱਤੀ ਸਰਪੰਚੀ ਦੀ ਚੌਣ
  • ਖਨੌਰੀ : ਪਿੰਡ ਮਨਿਆਣਾ ਤੋਂ ਅਕਾਲੀ ਆਗੂ ਗੁਰਸੇਵਕ ਸਿੰਘ ਸਰਪੰਚੀ ਦੀ ਚੋਣ ਜਿੱਤੇ
  • ਅਹਿਮਗਦਗੜ੍ਹ : ਪਿੰਡ ਪੋਹੀੜ ਤੋਂ ਕਾਂਗਰਸ ਪਾਰਟੀ ਦੀ ਹਮਾਇਤ ਪ੍ਰਾਪਤ ਰਵਦੀਪ ਸਿੰਘ ਬਿਟੂ ਜੇਤੂ 
  • ਮਲੇਰਕੋਟਲਾ : ਪਿੰਡ ਕਸਬਾ ਭੁਰਾਲ ਤੋ ਸਤਪਾਲ ਸਿੰਘ ਢਿਲੋਂ ਸਰਪੰਚ ਦੀ ਚੋਣ ਜਿੱਤੇ 
  • ਸੰਗਰੂਰ : ਗਾਇਕ ਜੱਸੀ ਲੌਂਗੇਵਾਲੀਆ ਦੀ ਪਤਨੀ ਸਰਬਜੀਤ ਕੌਰ ਜੇਤੂ
  • ਸੁਨਾਮ : ਚੱਠੇ ਨੱਕਟੇ ਤੋਂ ਹਰਜੀਤ ਸਿੰਘ, ਲਖਮੀਰਵਾਲਾ ਤੋਂ ਹਰਬੰਸ ਕੌਰ, ਭਰੂਰ ਤੋਂ ਬਲਵਿੰਦਰ ਕੌਰ ਜੇਤੂ
  • ਸੁਨਾਮ : ਪਿੰਡ ਤੋਲਾਵਾਲ ਤੋਂ ਮੇਵਾ ਸਿੰਘ, ਬਖਤੌਰ ਨਗਰ ਤੋਂ ਕਮਲਜੀਤ ਕੌਰ, ਨਮੋਲ ਮਿਰਜਾ ਪੱਤੀ ਤੋਂ ਗੁਰਦਾਸ ਸਿੰਘ ਜੇਤੂ
  • ਮਲੇਰਕੋਟਲਾ : ਪਿੰਡ ਮਾਨਾ ਵਿਖੇ ਬਲਜਿੰਦਰ ਕੌਰ 67 ਵੋਟਾਂ ਨਾਲ ਜੇਤੂ
  • ਸੰਗਰੂਰ : ਮਨਜੀਤ ਕੌਰ ਪਿੰਡ ਖਿਲਰੀਆਂ,ਬਲਵਿੰਦਰ ਕੁਮਾਰ ਮਿੱਠੂ ਪਿੰਡ ਲੱਡਾ ਅਤੇ ਬੇਲਾ ਸਿੰਘ ਬੰਗਾਵਾਲੀ ਦੇ ਬਣੇ ਸਰਪੰਚ
  •  ਸੰਗਰੂਰ : ਪਿੰਡ ਅਕੋਈ ਸਾਹਿਬ ਤੋਂ ਕੁਲਵਿੰਦਰ ਸਿੰਘ ਨੰਬਰਦਾਰ ਜੇਤੂ
  •  ਮਾਲੇਰਕੋਟਲਾ : ਪਿੰਡ ਬਾਪਲਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਣਦੀਪ ਕੋਰ ਸੰਧੂ ਨੇ ਸਰਪੰਚੀ ਦੀ ਚੋਣ ਜਿੱਤੀ
  • ਸੰਗਰੂਰ : ਨਰਿੰਦਰ ਪਾਲ ਸਿੰਘ ਪਿੰਡ ਥਲੇਸਾਂ ਦੇ ਬਣੇ ਸਰਪੰਚ
  • ਸੰਗਰੂਰ ਜ਼ਿਲ੍ਹੇ ਦੇ ਪਿੰਡ ਜੁਲਮਗੜ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹਮਾਇਤ ਪ੍ਰਾਪਤ ਉਮੀਦਵਾਰ ਸੁਖਜੀਤ ਕੌਰ  ਰ ਬਣੇ ਪਿੰਡ ਜੁਲਮਗੜ ਦੇ ਸਰਪੰਚ
  • ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰਾ 'ਚ ਬੀਬੀ ਸੁਰਿੰਦਰ ਕੌਰੀ ਪੂਨੀਆ ਸਰਪੰਚ ਬਣੇ    ਹਨ। ਕੁੱਲ 192 ਵੋਟਾਂ 'ਚ 98 ਵੋਟਾਂ ਮਿਲੀਆਂ ਹਨ।
  •  
  • 4:34 pm : ਸੰਗਰੂਰ 'ਚ 4 ਵਜੇ ਤੋਂ ਬਾਅਦ ਵੀ ਕਈਂ ਬੂਥਾਂ 'ਚ ਲੱਗੀਆਂ ਲੰਬੀਆਂ ਕਤਾਰਾਂ
 
     
 

ਜ਼ਿਲ੍ਹਾ ਸੰਗਰੂਰ ਦੇ 599 ਪਿੰਡਾਂ 'ਚ ਵੋਟਾਂ ਪੈਣ ਦਾ ਕੰਮ ਮੁਕੰਮਲ
ਸੰਗਰੂਰ, 30 ਦਸੰਬਰ (ਫੁੱਲ, ਦਮਨ, ਬਿੱਟਾ, ਪਿਸ਼ੋਰੀਆ, ਗਾਂਧੀ) - ਜ਼ਿਲਾ ਸੰਗਰੂਰ ਦੇ 599 ਪਿੰਡਾਂ ਵਿਚ ਪੰਚਾਇਤਾਂ ਚੁਣਨ ਲਈ ਵੋਟਾਂ ਪੈਣ ਦਾ ਕੰਮ ਅੱਜ ਸ਼ਾਮੀ ਸਮਾਪਤ ਹੋ ਗਿਆ। ਕੁਝ ਪਿੰਡਾਂ ਵਿਚ ਦੇਰ ਸ਼ਾਮ ਤੱਕ ਵੋਟਾਂ ਪੈਣ ਦਾ ਕੰਮ ਜ਼ਾਰੀ ਰਿਹਾ। ਕੁਝ ਪਿੰਡਾਂ ਵਿਚ ਮਾਹੌਲ ਗਰਮਾਉਣ ਦੀਆਂ ਖ਼ਬਰਾਂ ਹਨ। ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲੇ ਵਿਚ 86.05 ਪ੍ਰਤੀਸ਼ਤ ਵੋਟਾਂ ਪਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਬੈਲਟ ਪੇਪਰ ਖੋਹ ਕੇ ਦੋੜ ਜਾਣ ਦੀਆਂ ਤਿੰਨ ਘਟਨਾਵਾਂ ਉਨਾਂ ਦੇ ਧਿਆਨ ਵਿਚ ਆਈਆਂ ਹਨ। ਕੁਝ ਹੋਰ ਥਾਵਾਂ 'ਤੇ ਵੀ ਮਾਹੌਲ ਗਰਮਾਇਆ ਰਿਹਾ। ਜ਼ਿਲਾ ਪੁਲਿਸ ਮੁਖੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਜ਼ਿਲੇ ਵਿਚ ਕਿਸੇ ਪਾਸੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਵੋਟਾਂ ਪੈਣ ਦਾ ਕੰਮ ਸ਼ਾਤੀਪੂਰਵ ਰਿਹਾ। ਬਲਾਕ ਮਲੇਰਕੋਟਲਾ-1 ਵਿਚ 85.99 ਪ੍ਰਤੀਸ਼ਤ ਵੋਟਾਂ ਪੈਣ ਦਾ ਸਮਾਚਾਰ ਹੈ। ਬਲਾਕ ਦੇ 78858 ਵਿਚੋਂ 67809 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ। ਬਲਾਕ ਭਵਾਨੀਗੜ ਵਿਚ 88.91 ਪ੍ਰਤੀਸ਼ਤ ਵੋਟਾਂ ਪੈਣ ਦਾ ਸਮਾਚਾਰ ਹੈ ਇਸੇ ਤਰਾਂ ਸ਼ੇਰਪੁਰ ਬਲਾਕ ਵਿਚ 83.66 ਪ੍ਰਤੀਸ਼ਤ ਵੋਟਾਂ ਪਈਆਂ ਹਨ। ਬਲਾਕ ਦਿੜਬਾ ਵਿਚ 86.98 ਪ੍ਰਤੀਸ਼ਤ ਵੋਟਾਂ ਪੈਣ ਦਾ ਸਮਾਚਾਰ ਹੈ। ਧੂਰੀ ਤੋਂ ਸੰਜੇ ਲਹਿਰੀ ਅਨੁਸਾਰ ਬਲਾਕ ਧੂਰੀ ਵਿਚ ਤਕਰੀਬਨ 85.72 ਪ੍ਰਤੀਸ਼ਤ ਵੋਟਾਂ ਪਈਆਂ ਹਨ। ਬਲਾਕ ਸੁਨਾਮ ਵਿਚ 87.94 ਪ੍ਰਤੀਸ਼ਤ ਵੋਟਾਂ ਪਈਆਂ ਹਨ ਜਦਕਿ ਮਲੇਰਕੋਟਲਾ-2 84.97 ਪ੍ਰਤੀਸ਼ਤ ਵੋਟਾਂ ਪੈਣ ਦਾ ਸਮਾਚਾਰ ਹੈ।
ਸੰਗਰੂਰ, (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੰਗਰੂਰ ਵਿਧਾਨ ਸਭਾ ਅਤੇ ਇਸ ਦੇ ਨਜ਼ਦੀਕੀ ਹਲਕਿਆਂ ਦੇ ਪਿੰਡਾਂ ਵਿਚ ਵੋਟਾਂ ਪੈਣ ਦਾ ਕੰਮ ਭਾਵੇਂ ਸ਼ਾਤੀ ਨਾਲ ਨੇਪਰੇ ਚੜਿਆ ਪਰ ਵੋਟਾਂ ਦੀ ਗਿਣਤੀ ਵੇਲੇ ਹਰੀਪੁਰਾ ਬਸਤੀ ਦੇ ਰਾਮੁਪਰਾ ਪਿੰਡ ਦੇ ਪੋਲਿੰਗ ਸਟੇਸ਼ਨ ਵਿਚ ਮਾਹੌਲ ਕਾਫ਼ੀ ਤਲਖ਼ ਹੋ ਗਿਆ। ਕੁਝ ਸਮਾਂ ਵੋਟਾਂ ਗਿਣਨ ਦਾ ਕੰਮ ਵੀ ਰੁਕਿਆ ਰਿਹਾ ਪਰ ਡੀ.ਐਸ.ਪੀ. ਆਰ. ਸ੍ਰੀ ਸਤਪਾਲ ਸ਼ਰਮਾ ਅਤੇ ਐਸ.ਐੱਚ.ਓ. ਸਿਟੀ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਨੇ ਸਥਿਤੀ ਨੂੰ ਕਾਬੂ ਕਰੀ ਰੱਖਿਆ। ਉਪਰੰਤ ਵੋਟਾਂ ਗਿਣਨ ਦਾ ਕੰਮ ਮੁੜ ਆਰੰਭ ਹੋਇਆ। ਹੋਰ ਸੰਵੇਦਨਸ਼ੀਲ ਪਿੰਡ ਸਮਝੇ ਜਾਂਦੇ ਪਿੰਡ ਸੋਹੀਆ ਗੰਗਾ ਸਿੰਘ ਵਾਲਾ, ਬਾਲੀਆ ਆਦਿ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਨਤੀਜੇ ਐਲਾਨੇ ਗਏ। ਦੇਰ ਸ਼ਾਮ ਤੱਕ ਐਲਾਨੇ ਨਤੀਜਿਆ ਅਨੁਸਾਰ ਗੰਗਾ ਸਿੰਘ ਵਾਲਾ ਪਿੰਡ ਜੋ ਪੰਜਾਬ ਮਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਬੀਬੀ ਬਲਵੀਰ ਕੌਰ ਸੈਣੀ ਦਾ ਪੇਕਾ ਪਿੰਡ ਹੈ ਤੋਂ ਰਾਜਪਾਲ ਸਿੰਘ ਨੇ ਅਵਤਾਰ ਸਿੰਘ ਤਾਰੀ ਨੂੰ ਹਾਰ ਦਿੱਤੀ। ਇਤਿਹਾਸਕ ਪਿੰਡ ਅਕੋਈ ਸਾਹਿਬ ਤੋਂ ਨੌਜਵਾਨ ਆਗੂ  ਨੰਬਰਦਾਰ ਕੁਲਵਿੰਦਰ ਨੇ ਜਸਵਿੰਦਰ ਸਿੰਘ ਅਕੋਈ ਨੂੰ ਵੱਡੇ ਅੰਤਰ ਨਾਲ ਹਰਾਇਆ। ਭਾਜਪਾ ਕਿਸਾਨ ਮੋਰਚਾ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆ ਅਤੇ ਅਮਨਦੀਪ ਸਿੰਘ ਪੂਨੀਆ ਦੀ ਨਜਦੀਕੀ ਰਿਸ਼ਤੇਦਾਰ ਬੀਬੀ ਸੁਰਿੰਦਰ ਕੌਰ ਨੇ ਬੀਬੀ ਜਸਵੀਰ ਸ਼ਰਮਾ ਤੋਂ ਬਹੁਤ ਥੋੜੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਪਿੰਡ ਸੋਹੀਆਂ ਤੋਂ ਨੰਬਰਦਾਰ ਪ੍ਰਿਤਪਾਲ ਸਿੰਘ ਨੇ ਪਰਮਿੰਦਰ ਸਿੰਘ ਬੱਬੂ ਨੂੰ ਕਰਾਰੀ ਹਾਰ ਦਿੱਤੀ। ਜੁਲਮਗੜ ਪਿੰਡ ਤੋਂ ਬੀਬੀ ਸੁਖਜੀਤ ਕੌਰ ਨੇ ਜਿੱਤ ਦਰਜ਼ ਕਰਵਾਈ। ਹਲਕੇ ਦੇ ਇਕ ਅਹਿਮ ਪਿੰਡ ਬਾਲੀਆ ਤੋਂ ਟਰੱਕ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਬਾਲੀਆਂ ਨੇ ਆਪਣੇ ਨੇੜਲੇ ਵਿਰੋਧੀ ਨਿਰੰਤਕ ਸਿੰਘ ਬਾਲੀਆ ਨੂੰ ਹਾਰ ਦਿੱਤੀ। ਦੇਰ ਸ਼ਾਮ ਤੱਕ ਉੱਠੇ ਵਿਵਾਦ ਉਪਰੰਤ ਰਾਮਪੁਰਾ ਪਿੰਡ ਦੇ ਐਲਾਨੇ ਨਤੀਜੇ ਅਨੁਸਾਰ ਉੱਘੇ ਪੰਜਾਬੀ ਗਾਇਕ ਜੱਸੀ ਲੌਂਗੋਵਾਲੀਆਂ ਦੀ ਪਤਨੀ ਬੀਬੀ ਸਰਬਜੀਤ ਕੌਰ ਨੇ ਜਿੱਤ ਦਰਜ਼ ਕਰਵਾਈ। ਪਿੰਡ ਭੱਮਾਬੰਦੀ ਦੇ ਕਾਂਗਰਸ ਆਗੂ ਨਿਰਮਲ ਸਿੰਘ ਨਿੰਮਾ ਦੀ ਯੋਗ ਰਹਿਨੁਮਾਈ ਹੇਠ ਲੜੀ ਚੋਣ ਵਿਚ ਜਗਤਾਰ ਸਿੰਘ ਦੀ ਧਰਮ ਪਤਨੀ ਬੀਬੀ ਅਮਨਦੀਪ ਕੌਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਲਵਾਲ ਪਿੰਡ ਤੋਂ ਸਰਪੰਚ ਦੇ ਅਹੁਦੇ ਦੀ ਹੋਈ ਚੋਣ ਵਿਚ ਬਲਦੇਵ ਸਿੰਘ ਨੇ ਸ਼ਿੰਗਾਰਾ ਸਿੰਘ ਨੂੰ ਕਰਾਰੀ ਹਾਰ ਦਿੱਤੀ। ਪਿੰਡ ਬੰਗਾਵਾਲੀ ਤੋਂ ਬੇਲਾ ਸਿੰਘ ਨੇ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਹੋਰ ਪਿੰਡਾਂ ਦੇ ਨਤਿਜਿਆਂ ਦੀ ਅਜੇ ਵੋਟਰਾਂ ਵਲੋਂ ਬੇਸਵਰੀ ਨਾਲ ਉਡੀਕ ਸੀ ਕਿਉਂਕਿ ਹਲਕੇ ਦੇ ਕਈ ਪਿੰਡਾਂ ਵਿਚ ਵੋਟਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨਤੀਜੇ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ।
ਸੰਗਰੂਰ, (ਧੀਰਜ ਪਸ਼ੌਰੀਆ) - ਸੰਗਰੂਰ ਲਾਗਲੇ ਪਿੰਡ ਗੁਰਦਾਸਪੁਰਾ ਦੇ ਸਰਦਾਰਨੀ ਸੁਰਿੰਦਰ ਕੌਰ ਪੂਨੀਆ ਸਰਪੰਚ ਬਣ ਗਏ ਹਨ। ਪ੍ਰੀਜਾਇੰਡੰਗ ਅਫ਼ਸਰ ਜੇ.ਪੀ.ਐਸ ਗਰੇਵਾਲ ਨੇ ਦੱਸਿਆ ਕਿ ਪਿੰਡ ਵਿਚ ਕੁੱਲ 263 ਵੋਟਾਂ ਸਨ ਜਿਨ੍ਹਾਂ ਵਿਚੋਂ 192 ਵੋਟਾਂ ਪੋਲ ਹੋਈਆਂ। ਜੇਤੂ ਉਮੀਦਵਾਰ ਸੁਰਿੰਦਰ ਕੌਰ ਪੂਨੀਆ ਨੂੰ 98 ਵੋਟਾਂ ਪ੍ਰਾਪਤ ਹੋਈਆਂ। ਦੂਜੇ ਸਥਾਨ 'ਤੇ ਆਈ ਜਸਬੀਰ ਸ਼ਰਮਾ ਨੂੰ 91 ਵੋਟਾਂ ਪ੍ਰਾਪਤ ਹੋਈਆਂ। ਤਿੰਨ ਵੋਟਾਂ ਰੱਦ ਹੋਈਆਂ। ਜੇਤੂ ਉਮੀਦਵਾਰ ਸੁਰਿੰਦਰ ਕੌਰ ਪੂਨੀਆ ਨੂੰ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ, ਅਮਨ ਪੂਨੀਆਂ, ਰਘਬੀਰ ਸਿੰਘ ਪੂਨੀਆਂ, ਜਤਿੰਦਰ ਸਿੰਘ ਪੂਨੀਆਂ, ਗਗਨਦੀਪ ਕੌਰ ਪੂਨੀਆਂ, ਸਤਪਾਲ ਸਿੰਘ, ਮਿਲਾਪ ਸਿੰਘ, ਰੁਪਿੰਦਰ ਸਿੰਘ, ਸੁਖਬੀਰ ਸਿੰਘ, ਗੁਰਦੀਪ ਸਿੰਘ, ਹਰਪਿੰਦਰਜੀਤ ਸਿੰਘ ਪੂਨੀਆਂ, ਸੁਨੀਲ ਕੁਮਾਰ ਅਤੇ ਹੋਰਨਾਂ ਜਿੱਤ ਦੀ ਵਧਾਈ ਦਿੱਤੀ ਹੈ।
ਲਹਿਰਾਗਾਗਾ, (ਅਸ਼ੋਕ ਗਰਗ) - ਪੰਜਾਬ ਦੀ ਸਭ ਤੋਂ ਛੋਟੀ ਪੰਚਾਇਤ ਡੇਰਾ ਭੁਟਾਲ ਕਲਾਂ ਤੋਂ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਭੁਟਾਲ ਦੀ ਧਰਮ-ਪਤਨੀ ਜਗਜੀਤ ਕੌਰ, ਅਕਾਲੀ ਦਲ ਦੇ ਆਗੂ ਸੁਖਵੰਤ ਸਿੰਘ ਸਰਾਓ ਧੜੇ ਵਲੋਂ ਬੇਅੰਤ ਕੌਰ ਪਤਨੀ ਗੁਰਜੰਟ ਸਿੰਘ, ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਗੁਰਸੰਤ ਸਿੰਘ ਭੁਟਾਲ ਧੜੇ ਵਲੋਂ ਜਸਵੀਰ ਕੌਰ ਪਤਨੀ ਹਰਬੰਸ ਸਿੰਘ ਚੋਣ ਲੜ ਰਹੇ ਸਨ। ਇਸ ਪਿੰਡ ਦੀਆਂ ਕੁੱਲ 187 ਵੋਟਾਂ ਸਨ ਜਿਨ੍ਹਾਂ ਵਿਚੋਂ 160 ਵੋਟਾਂ ਪੋਲ ਹੋਈਆਂ ਅਤੇ ਸਭ ਤੋਂ ਪਹਿਲਾ ਨਤੀਜਾ ਐਲਾਨਿਆ ਗਿਆ। ਜਿਸ ਵਿਚ ਗੁਰਸੰਤ ਸਿੰਘ ਭੁਟਾਲ ਧੜੇ ਦੀ ਜਸਵੀਰ ਕੌਰ ਪਤਨੀ ਹਰਬੰਸ ਸਿੰਘ 23 ਵੋਟਾਂ ਨਾਲ ਜੇਤੂ ਰਹੀ।
ਸੰਗਰੂਰ, (ਧੀਰਜ ਪਸ਼ੌਰੀਆ) - ਪਿੰਡ ਜੁਲਮਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਹਮਾਇਤ ਪ੍ਰਾਪਤ ਉਮੀਦਵਾਰ ਸੁਖਜੀਤ ਕੌਰ ਪਿੰਡ ਦੇ ਸਰਪੰਚ ਬਣੇ ਗਏ ਹਨ। ਸੁਖਜੀਤ ਕੌਰ ਨੂੰ 96 ਵੋਟਾਂ ਪ੍ਰਾਪਤ ਹੋਈਆਂ ਹਨ, ਜਦ ਕਿ ਇਸ ਦੀ ਵਿਰੋਧੀ ਕਾਂਗਰਸ ਦੀ ਹਮਾਇਤ ਪ੍ਰਾਪਤ ਜਸਪ੍ਰੀਤ ਕੌਰ ਨੂੰ 76 ਵੋਟਾਂ ਪ੍ਰਾਪਤ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਗਰੇਵਾਲ ਐਡਵੋਕੇਟ ਨੇ ਸੁਖਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪਿੰਡ ਵਾਸੀਆਂ ਦੀ ਜਿੱਤ ਹੋਈ ਹੈ। ਇਨ੍ਹਾਂ ਦੇ ਪਤੀ ਜਸਨਜੀਤ ਸਿੰਘ ਪਹਿਲਾਂ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਕਿਰਨਜੀਤ ਕੌਰ, ਬਲਵੀਰ ਸਿੰਘ, ਨਿਰਮਲ ਸਿੰਘ, ਇੰਦਰਜੀਤ ਕੌਰ, ਲਾਲ ਸਿੰਘ ਪੰਚ ਚੁਣੇ ਗਏ ਹਨ। ਸਰਬਜੀਤ ਸਿੰਘ ਗਰੇਵਾਲ, ਪਰਮਜੀਤ ਗਰੇਵਾਲ, ਅਮਨਦੀਪ ਸਿੰਘ ਗਰੇਵਾਲ ਅਤੇ ਹੋਰਨਾਂ ਨੇ ਜੇਤੂ ਸੁਖਜੀਤ ਕੌਰ ਸਰਪੰਚ ਅਤੇ ਪੰਚਾਂ ਨੂੰ ਵਧਾਈ ਦਿੱਤੀ ਹੈ।
ਲੌਂਗੋਵਾਲ,  (ਸ.ਸ.ਖੰਨਾ) - ਨੇੜਲੇ ਪਿੰਡ  ਢਿੱਲਵਾਂ ਵਿਖੇ ਪੰਚਾਇਤੀ ਚੋਣਾਂ ਦਾ ਕੰਮ ਅਮਨ ਨਾਲ ਹੋ ਨਿੱਬੜਿਆ। ਇਸ ਪਿੰਡ ਵਿਚੋਂ ਦੋ ਸਰਪੰਚ ਉਮੀਦਵਾਰਾਂ ਵਿਚ ਮੁਕਾਬਲਾ ਦੇਖਣ ਵਾਲਾ ਰੌਚਕ ਸੀ। ਇਹ ਆਹੁਦਾ ਜਨਰਲ ਔਰਤ ਲਈ ਰਾਖਵਾਂ ਸੀ। ਇਥੋਂ ਪੰਜ ਪੰਚਾਇਤ ਮੈਂਬਰ ਸਰਬਸੰਮਤੀ ਨਾਲ ਹਰਜਿੰਦਰ ਕੌਰ, ਪਰਮਜੀਤ ਕੌਰ ਢਿੱਲੋਂ, ਪਿੰਟੂ ਸਿੰਘ, ਦਰਸ਼ਨ ਸਿੰਘ, ਸਤਗੁਰ ਸਿੰਘ ਚੁਣੇ ਗਏ । ਇਥੋਂ ਸਰਪੰਚ ਲਈ ਉਮੀਦਵਾਰ ਸੁਖਪਾਲ ਕੌਰ ਪਤਨੀ ਭੋਲਾ ਸਿੰਘ ਅਤੇ ਰਸ਼ਪਾਲ ਕੌਰ ਪਤਨੀ ਬਲਵਿੰਦਰ ਸਿੰਘ ਢਿੱਲੋਂ ਦਾ ਮੁਕਾਬਲਾ ਸੀ। ਇਸ ਬੂਥ ਦੀਆਂ ਕੁੱਲ ਵੋਟਾਂ 217 ਵਿਚੋਂ 203 ਵੋਟਾਂ ਪੋਲ ਹੋਈਆਂ। ਸਾਬ ਦੇ ਸੁਖਪਾਲ ਕੌਰ ਪਤਨੀ ਭੋਲਾ ਸਿੰਘ ਸਾਬਕਾ ਸਰਪੰਚ ਵਿਰੋਧੀ ਤੋਂ 10 ਵੋਟਾਂ ਨਾਲ ਜੇਤੂ ਰਹੀ।
ਸੰਗਰੂਰ, (ਧੀਰਜ ਪਸ਼ੌਰੀਆ) - ਨੇੜਲੇ ਪਿੰਡ ਖਿੱਲਰੀਆਂ ਵਿਖੇ ਮਨਜੀਤ ਕੌਰ ਪਤਨੀ ਅਜਮੇਰ ਸਿੰਘ ਫੌਜੀ 357 ਵੋਟਾਂ ਪ੍ਰਾਪਤ ਕਰ ਕੇ ਪਿੰਡ ਦੇ ਸਰਪੰਚ ਬਣੇ ਹਨ। ਇਸ ਦੀ ਵਿਰੋਧੀ ਉਮੀਦਵਾਰ ਨੂੰ 228 ਵੋਟਾਂ ਪ੍ਰਾਪਤ ਹੋਈਆਂ ਹਨ। ਪੂਰਨ ਸਿੰਘ, ਹਰਨੇਕ ਸਿੰਘ, ਸੁਖਵਿੰਦਰ ਕੌਰ, ਸੁਰਜਨ ਸਿੰਘ ਭੋਲਾ, ਬੰਤ ਕੌਰ ਪਿੰਡ ਦੇ ਪੰਚ ਬਣੇ ਹਨ। ਤਰਨਜੀਤ ਸਿੰਘ ਢੀਂਡਸਾ ਸਾਬਕਾ ਪੰਚ, ਪ੍ਰਗਟ ਸਿੰਘ ਨੰਬਰਦਾਰ, ਭਜਨ ਸਿੰਘ ਨੇ ਜੇਤੂ ਸਰਪੰਚ ਨੂੰ ਵਧਾਈ ਦਿੱਤੀ।
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ, ਪਰਵਿੰਦਰ ਸੋਨੂੰ)- ਗੈਰ-ਸਰਕਾਰੀ ਪ੍ਰਾਪਤ ਅੰਕੜਿਆ ਅਨੁਸਾਰ ਬਲਾਕ ਦਿੜ੍ਹਬਾ ਦੇ ਪਿੰਡ ਧਰਮਗੜ੍ਹ ਛੰਨਾਂ ਦੀ ਗਰਾਮ ਪੰਚਾਇਤ ਦੀ ਹੋਈ ਚੋਣ ਵਿਚ ਸਰਪੰਚ ਦੀ ਚੋਣ ਹਰਜੀਤ ਕੌਰ ਨੇ ਜਿੱਤ ਲਈ ਹੈ। ਰਾਮਪੁਰ ਗੁੱਜਰਾਂ ਤੋਂ ਮਨੀਸ਼ਾ ਰਾਣੀ  ਨੇ ਸਰਪੰਚ ਦੀ ਚੋਣ 64 ਵੋਟਾਂ ਨਾਲ ਜਿੱਤ ਲਈ ਹੈ। ਖਨਾਲ ਖੁਰਦ ਤੋਂ ਜਗਦੀਸ਼ ਸਿੰਘ ਜੱਗੀ ਸਰਪੰਚ ਦੀ ਚੋਣ 246 ਵੋਟਾਂ ਨਾਲ ਰਘਵੀਰ ਸਿੰਘ ਨੂੰ ਹਰਾ ਕੇ ਜੇਤੂ ਰਹੇ। ਪਿੰਡ ਬਘਰੌਲ ਤੋਂ ਹਰਤਾਰ ਸਿੰਘ ਤਾਰੀ ਆਪਣੇ ਵਿਰੋਧੀ ਬਲਵਿੰਦਰ ਸਿੰਘ ਤੋਂ 283 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਸ਼ੇਰਪੁਰ, (ਸੁਰਿੰਦਰ ਚਹਿਲ) - ਸ਼ੇਰਪੁਰ ਬਲਾਕ ਦੇ ਪਿੰਡ ਗੋਬਿੰਦਪੁਰਾ ਵਿਖੇ ਹਰਜਿੰਦਰ ਕੌਰ ਆਪਣੀ ਵਿਰੋਧੀ ਉਮੀਦਵਾਰ ਨੂੰ 12 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਿੰਡ ਦੀ ਸਰਪੰਚ ਚੁਣੀ ਗਈ। ਘਨੌਰੀ ਖੁਰਦ ਤੋਂ ਰਾਜਦੀਪ ਕੌਰ 144 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕਰ ਕੇ ਪਿੰਡ ਦੀ ਸਰਪੰਚ ਚੁਣੀ ਗਈ। ਪਿੰਡ ਭਗਵਾਨਪੁਰਾ ਤੋਂ ਪਾਲ ਕੌਰ ਬਹੁਤ ਹੀ ਫਸਵੇਂ ਮੁਕਾਬਲੇ ਵਿਚ 5 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕਰ ਕੇ ਪਿੰਡ ਦੀ ਸਰਪੰਚ ਚੁਣੀ ਗਈ। ਪਿੰਡ ਦੀਦਾਰਗੜ੍ਹ ਤੋਂ ਸੰਦੀਪ ਸਿੰਘ ਬਿੰਨੂ ਸਰਪੰਚ ਚੁਣੇ ਗਏ।
ਸੰਗਰੂਰ, (ਧੀਰਜ ਪਸ਼ੌਰੀਆ) - ਨਰਿੰਦਰਪਾਲ ਸਿੰਘ ਪਿੰਡ ਥਲੇਸਾਂ ਦੇ ਸਰਪੰਚ ਚੁਣੇ ਗਏ ਹਨ। ਜੇਤੂ ਉਮੀਦਵਾਰ ਨਰਿੰਦਰਪਾਲ ਸਿੰਘ ਨੂੰ 395 ਵੋਟਾਂ ਪ੍ਰਾਪਤ ਹੋਈਆਂ ਹਨ। ਜਦ ਵਿਰੋਧੀ ਉਮੀਦਵਾਰ ਰਣਬੀਰ ਸਿੰਘ ਭੋਲਾ ਨੂੰ 317 ਅਤੇ ਵਰਿਆਮ ਸਿੰਘ ਨੂੰ 94 ਵੋਟਾਂ ਪ੍ਰਾਪਤ ਹੋਈਆਂ ਹਨ। ਰੱਦ ਹੋਈਆਂ ਵੋਟਾਂ ਦੀ ਗਿਣਤੀ 26 ਹੈ। ਜੈਤੂ ਉਮੀਦਵਾਰ ਨਰਿੰਦਰਪਾਲ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦੀ ਪਹਿਲੀ ਪਹਿਲ ਪਿੰਡ ਦਾ ਸਰਬਪੱਖੀ ਵਿਕਾਸ ਹੈ।
ਛਾਹੜ, (ਜਸਵੀਰ ਸਿੰਘ ਔਜਲਾ) - ਨੇੜਲੇ ਪਿੰਡ ਰਟੋਲਾਂ ਵਿਖੇ ਸ਼ਾਂਤਮਈ ਢੰਗ ਨਾਲ ਪਈਆਂ ਲਗਪਗ 90 ਪ੍ਰਤੀਸ਼ਤ ਵੋਟਾਂ ਵਿਚੋਂ ਪਿੰਡ ਦੀ ਸਰਪੰਚੀ ਦੇ ਉਮੀਦਵਾਰਾਂ ਵਿਚੋਂ ਗਗਨਦੀਪ ਸਿੰਘ ਨੇ 1390 ਵੋਟਾਂ ਵਿਚੋਂ 30 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਅਤੇ ਪਿੰਡ ਦੇ ਪ੍ਰਤੀ ਆਪਣੇ ਪਿਆਰ ਦਾ ਸਬੂਤ ਦਿੱਤਾ। ਨਵ ਨਿਯੁਕਤ ਸਰਪੰਚ ਵਲੋਂ ਪਿੰਡ ਦੇ ਸਾਰੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਸਾਰੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਵਲੋਂ ਤਨਦੇਹੀ ਨਾਲ ਦਿੱਤੇ ਸਹਿਯੋਗ ਵਲੋਂ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਇਸ  ਮੌਕੇ ਉਨ੍ਹਾਂ ਨਾਲ ਜਗਤਾਰ ਸਿੰਘ ਕਲੱਬ ਪ੍ਰਧਾਨ, ਜਗਜੀਤ ਸਿੰਘ ਕਲੱਬ ਸੈਕਟਰੀ, ਮਲਕੀਅਤ ਸਿੰਘ ਬਿੱਲਾ ਪੰਚ, ਤਰਸੇਮ ਸਿੰਘ ਭੋਲਾ ਪੰਚ, ਪੰਚ ਸਿੰਦਰ ਕੌਰ, ਗੁਰਪ੍ਰੀਤ ਸਿੰਘ, ਪੰਮਾ ਸਿਕੰਦਰ ਆਦਿ ਮੌਜੂਦ ਸਨ।
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ) - ਅੱਜ ਹੋਈਆਂ ਪੰਚਾਇਤੀ ਚੋਣਾਂ ਵਿਚ ਬਲਾਕ ਸ਼ੇਰਪੁਰ ਦੇ ਪਿੰਡ ਗੋਬਿੰਦਪੁਰ ਵਿਖੇ ਬੀਬੀ ਹਰਜਿੰਦਰ ਕੌਰ ਪਤਨੀ ਗੁਰਸ਼ਰਨ ਸਿੰਘ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਪਿੰਡ ਦੇ ਸਰਪੰਚ ਚੁਣੇ ਗਏ। ਬੀਬੀ ਹਰਜਿੰਦਰ ਕੌਰ ਨੂੰ 170 ਵੋਟਾਂ ਪਈਆਂ ਅਤੇ ਲਵਲੀਸ ਸ਼ਰਮਾ ਨੂੰ 158 ਵੋਟਾਂ ਮਿਲੀਆਂ। ਇਸ ਤਰ੍ਹਾਂ ਬੀਬੀ ਹਰਜਿੰਦਰ ਕੌਰ ਨੂੰ 12 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ। ਪੰਚ ਦੀ ਹੋਈ ਚੋਣ ਵਿਚ ਨਿਰਭੈ ਸਿੰਘ ਪੁੱਤਰ ਨਾਜ਼ਰ ਸਿੰਘ ਜੇਤੂ ਰਹੇ ਅਤੇ ਵਾਰਡ ਨੰ-3 ਤੋਂ ਬੀਬੀ ਚਰਨਜੀਤ ਕੌਰ ਚੁਣੇ ਗਏ। ਜ਼ਿਕਰਯੋਗ ਹੈ ਕਿ ਤਿੰਨ ਵਾਰਡਾਂ ਵਿਚ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਹੈ।
ਲੌਂਗੋਵਾਲ, (ਵਿਨੋਦ) -  ਲੌਂਗੋਵਾਲ ਖੇਤਰ ਵਿਚ ਪੰਚਾਇਤੀ ਵੋਟਾਂ ਪਾਏ ਜਾਣ ਦਾ ਕਾਰਜ ਅਮਨ ਸ਼ਾਂਤੀ ਨਾਲ ਮੁਕੰਮਲ ਹੋ ਗਿਆ ਹੈ। ਇਸ ਸੰਬੰਧ ਸਮੁੱਚੇ ਪਿੰਡਾਂ ਦੇ ਵੋਟਰਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਐਸ.ਐਚ.ਓ. ਸਰਬਜੀਤ ਸਿੰਘ ਚੀਮਾ ਸੁਰੱਖਿਆ ਪ੍ਰਬੰਧਾਂ ਦੀ ਆਪ ਨਿਗਰਾਨੀ ਕਰ ਰਹੇ ਸਨ। ਸਮੁੱਚੇ ਇਲਾਕੇ ਵਿਚ 80 ਪ੍ਰਤੀਸ਼ਤ ਤੋਂ ਵਧੇਰੇ ਪੋਲਿੰਗ ਹੋਈ ਹੈ। ਕਈ ਪਿੰਡਾਂ ਵਿਚ ਸ਼ਾਮ 4 ਵਜੇ ਤੋਂ ਬਾਅਦ ਵੀ ਵੋਟਾਂ ਪਾਏ ਜਾਣ ਦਾ ਕੰਮ ਚੱਲ ਰਿਹਾ ਸੀ। ਇਲਾਕੇ ਦੇ ਸ਼ੁਰੂਆਤੀ ਨਤੀਜ਼ਿਆ ਅਨੁਸਾਰ ਕੋਠੇ ਦੁੱਲਟਾਂ ਵਾਲਾ ਤੋਂ ਕੁਲਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਸਾਬਕਾ ਸਰਪੰਚ ਜੇਤੂ ਰਹੀ ਹੈ। ਉਸ ਨੇ 5 ਵੋਟਾਂ ਦੇ ਫ਼ਰਕ ਨਾਲ ਸਰਬਜੀਤ ਕੌਰ ਨੂੰ ਹਰਾਇਆ ਹੈ। ਇੱਥੋਂ ਵਾਰਡ ਨੰਬਰ ਇਕ ਤੋਂ ਸੁਖਜਿੰਦਰ ਕੌਰ, ਦੋ ਤੋਂ ਬਲਵਿੰਦਰ ਕੌਰ, ਤਿੰਨ ਤੋਂ ਹਰਬੰਸ ਸਿੰਘ, ਚਾਰ ਤੋਂ ਬਲਜੀਤ ਸਿੰਘ ਅਤੇ ਪੰਜ ਤੋਂ ਅਮਰੀਕ ਸਿੰਘ ਜੇਤੂ ਰਹੇ ਹਨ। ਪਿੰਡੀ ਬਟੂਹਾ ਖ਼ੁਰਦ ਤੋਂ ਕੁਲਵਿੰਦਰ ਕੌਰ ਨੇ ਸਰਪੰਚੀ ਦੀ ਚੋਣ ਵਿਚ ਸੁਖਪਾਲ ਕੌਰ ਨੂੰ ਹਰਾਇਆ ਹੈ। ਪੰਚ ਦੀ ਚੋਣ ਲਈ ਇੱਥੇ ਵਾਰਡ ਨੰਬਰ ਇਕ ਚੋਂ ਬਲਜੀਤ ਕੌਰ, ਦੋ ਚੋ ਜੱਗਾ ਸਿੰਘ, ਤਿੰਨ ਚੋਂ ਜਗਰਾਜ ਸਿੰਘ, ਚਾਰ ਚੋਂ ਹਰਜੀਤ, ਪੰਜ ਚੋਂ ਜਰਨੈਲ ਸਿੰਘ ਜੇਤੂ ਰਹੇ ਹਨ। ਪਿੰਡ ਗੋਬਿੰਦ ਨਗਰ ਲੌਂਗੋਵਾਲ ਤੋਂ ਸਰਪੰਚ ਦੀ ਚੋਣ ਚੋਂ ਰਾਜਵਿੰਦਰ ਸਿੰਘ ਜੇਤੂ ਰਹੇ ਹਨ। ਉਨ੍ਹਾਂ ਨੇ ਗੁਰਜੀਤ ਸਿੰਘ ਨੂੰ 60 ਵੋਟਾਂ ਨਾਲ ਹਰਾਇਆ ਹੈ। ਪਿੰਡ ਸਤੀਪੁਰ ਚੋਂ ਸਰਪੰਚੀ ਦੀ ਚੋਣ ਚਰਨਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਚਹਿਲ ਜੇਤੂ ਰਹੀ ਹੈ। ਉਸ ਨੇ 46 ਵੋਟਾਂ ਨਾਲ ਸਰਬਜੀਤ ਕੌਰ ਨੂੰ ਹਰਾਇਆ ਹੈ। ਪਿੰਡੀ ਢਿਲਵਾਂ ਤੋਂ ਸਰਪੰਚੀ ਦੀ ਚੋਣ 'ਚੋਂ ਸੁਖਪਾਲ ਕੌਰ ਜੇਤੂ ਰਹੀ ਹੈ ਇੱਥੇ ਸੁਖਪਾਲ ਕੌਰ ਨੇ 10 ਵੋਟਾਂ ਦੇ ਫ਼ਰਕ ਨਾਲ ਰਛਪਾਲ ਕੌਰ ਢਿੱਲੋਂ ਨੂੰ ਹਰਾਇਆ ਹੈ। ਪਿੰਡ ਮਿਰਜ਼ਾ ਪੱਤੀ ਨਮੋਲ 'ਚੋਂ ਸਰਪੰਚੀ ਦੀ ਚੋਣ 'ਚ ਅਕਾਲੀ ਦਲ ਦੇ ਗੁਰਦਾਸ ਸਿੰਘ ਜੇਤੂ ਰਹੇ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਰਾਜਪਾਲ ਸਿੰਘ ਨੂੰ ਹਰਾਇਆ ਹੈ। ਇੱਥੇ ਪੰਚੀ ਦੀ ਵੱਕਾਰੀ ਚੋਣ ਲਈ ਵਾਰਡ ਨੰਬਰ 8 ਚੋਂ ਸੁਖਵੀਰ ਸਿੰਘ ਪੂਨੀਆ ਨੇ ਭੂਸ਼ਨ ਕੁਮਾਰ ਨੂੰ ਹਰਾਇਆ ਹੈ। ਪਿੰਡ ਸਾਹੋ ਕੇ ਤੋਂ ਤਿਕੋਣੇ ਮੁਕਾਬਲੇ ਵਿਚ ਸਰਪੰਚੀ ਦੀ ਚੋਣ ਲਈ ਸੁਲੱਖਣ ਸਿੰਘ ਜੇਤੂ ਰਹੇ ਹਨ। ਪਿੰਡ ਭਾਈ ਕੀ ਸਮਾਧ ਤੋਂ ਸਰਪੰਚੀ ਦੀ ਚੋਣ 'ਚੋਂ 53 ਵੋਟਾਂ ਨਾਲ ਮਲਕੀਤ ਕੌਰ ਜੇਤੂ ਰਹੀ ਹੈ। ਉਸਨੇ ਤਿਕੋਣੀ ਟੱਕਰ ਵਿਚ ਰੁਪਿੰਦਰ ਕੌਰ ਅਤੇ ਪਰਮਜੀਤ ਕੌਰ ਨੂੰ ਹਰਾਇਆ ਹੈ। ਪਿੰਡੀ ਵਡਿਆਣੀ 'ਚੋਂ ਸਰਪੰਚੀ ਦੀ ਚੋਣ 'ਚ ਗੁਰਮੇਲ ਕੌਰ ਜੇਤੂ ਰਹੀ ਹੈ। ਇਸ ਨੇ ਕੁਲਜੀਤ ਕੌਰ ਨੂੰ 17 ਵੋਟਾਂ 'ਤੇ ਹਰਾਇਆ ਹੈ। ਪਿੰਡੀ ਅਮਰ ਸਿੰਘ ਵਾਲੀ ਤੋਂ ਸਰਪੰਚੀ ਦੀ ਚੋਣ 'ਚ ਰਣਜੀਤ ਕੌਰ ਨੇ 25 ਵੋਟਾਂ ਦੇ ਫ਼ਰਕ ਨਾਲ ਸਰਬਜੀਤ ਕੌਰ ਨੂੰ ਹਰਾਇਆ ਹੈ। ਪਿੰਡ ਰੱਤੋ ਕੇ ਤੋਂ ਸਰਪੰਚੀ ਦੀ ਚੋਣ 'ਚ ਕੁਲਦੀਪ ਕੌਰ ਨੇ 166 ਵੋਟਾਂ ਨਾਲ ਪਾਲ ਕੌਰ ਨੂੰ ਹਰਾਇਆ ਹੈ। ਪਿੰਡ ਬੁੱਗਰਾਂ ਤੋਂ ਤਿਕੋਣੇ ਮੁਕਾਬਲੇ 'ਚ ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌਰ 15 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ ਹੈ। ਪਿੰਡ ਢੱਡਰੀਆਂ ਤੋਂ ਸਰਪੰਚੀ ਦੀ ਚੋਣ 'ਚ ਆਜ਼ਾਦ ਉਮੀਦਵਾਰ ਗੁਰਚਰਨ ਸਿੰਘ ਚੰਨਾ ਨੇ ਸਾਧਾ ਸਿੰਘ ਨੂੰ ਹਰਾਇਆ ਹੈ।
ਜੇਤੂ ਸਰੰਪਚਾਂ ਪੰਚਾਂ ਮਨਾਏ ਜਸ਼ਨ
ਲੌਂਗੋਵਾਲ, (ਸ.ਸ. ਖੰਨਾ) - ਪਿੰਡ ਅਮਰ ਸਿੰਘ ਵਾਲੀ ਤੋਂ ਰਣਜੀਤ ਕੌਰ ਪਤਨੀ ਜਗਮੇਲ ਸਿੰਘ ਗੰਢੂ ਸਰਪੰਚ ਦੀ ਚੋਣ ਆਪਣੇ ਵਿਰੋਧੀ ਤੋਂ 22 ਵੋਟਾਂ ਨਾਲ ਜੇਤੂ ਰਹੀ। ਜਿੱਤਣ ਤੋਂ ਬਾਅਦ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਦੁੱਲਟ, ਸੂਬੇਦਾਰ ਮੇਲਾ ਸਿੰਘ, ਸੁਖਪਾਲ ਸਿੰਘ ਸਿੱਧੂ, ਜਗਸੀਰ ਸਿੰਘ ਗਾਂਧੀ, ਹੰਸ ਰਾਜ, ਸੋਨੀ ਨੰਬਰਦਾਰ, ਕਾਲਾ ਠੇਕੇਦਾਰ, ਠੇਕੇਦਾਰ ਜਗਸੀਰ ਸਿੰਘ ਬਬਲਾ, ਬੰਟੀ ਮਾਨ ਬੀਰ ਕਲਾਂ, ਸੰਦੀਪ ਗਰਗ ਭਾਜਪਾ ਮੰਡਲ ਪ੍ਰਧਾਨ, ਨੀਟੂ ਸ਼ਰਮਾ ਕਾਲਾ ਭੁੱਲਰ, ਮੱਖਣ ਭੁੱਲਰ ਆਦਿ ਨੇ ਵਧਾਈਆਂ ਦਿੱਤੀਆਂ।
ਮਲੇਰਕੋਟਲਾ, (ਕੁਠਾਲਾ)  - ਵੱਖ ਵੱਖ ਪਿੰਡਾਂ ਅੰਦਰ ਸਰਪੰਚਾਂ ਤੇ ਪੰਚਾਂ ਦੀ ਚੋਣ ਲਈ ਅੱਜ ਪਈਆਂ ਵੋਟਾਂ ਦੀ ਹੋਈ ਗਿਣਤੀ ਉਪਰੰਤ ਮਿਲੇ ਨਤੀਜਿਆਂ ਅਨੁਸਾਰ ਪਿੰਡ ਕੁਠਾਲਾ ਦੇ ਸਰਪੰਚ ਲਈ ਹੋਈ ਚੋਣ ਵਿਚ ਗੁਰਲਵਲੀਨ ਸਿੰਘ ਚਹਿਲ ਨੇ ਆਪਣੇ ਵਿਰੋਧੀ ਮੇਜਰ ਸਿੰਘ ਨੂੰ 776 ਵੋਟਾਂ ਦੇ ਮੁਕਾਬਲੇ 1942 ਵੋਟਾਂ ਹਾਸਲ ਕਰਕੇ 1166 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਬੀਬੀ ਸਵਰਨਜੀਤ ਕੌਰ ਪਿੰਡ ਵਲੈਤਪੁਰਾ ਦੀ ਸਰਪੰਚ ਚੁਣੀ ਗਈ ਹੈ। ਉਸ ਨੇ 154 ਵੋਟਾਂ ਦੇ ਮੁਕਾਬਲੇ 269 ਵੋਟਾਂ ਹਾਸਲ ਕਰਕੇ ਬੀਬੀ ਸੁਰਜੀਤ ਕੌਰ ਨੂੰ ਹਰਾਇਆ। ਬੀਬੀ ਸਲਮਾ ਪਿੰਡ ਆਦਮਪਾਲ ਦੀ ਸਰਪੰਚ ਚੁਣੀ ਗਈ। ਉਸ ਨੇ  378 ਵੋਟਾਂ ਦੇ ਮੁਕਾਬਲੇ 689 ਵੋਟਾਂ ਪ੍ਰਾਪਤ ਕਰਕੇ ਬੀਬੀ ਸੁਖਦੇਵ ਕੌਰ ਨੂੰ ਹਰਾਇਆ। ਪਿੰਡ ਜਲਵਾਣਾ ਦੀ ਸਰਪੰਚ ਲਈ ਹੋਈ ਚੋਣ ਵਿਚ ਬੀਬੀ ਸਰਬਜੀਤ ਕੌਰ (486 ਵੋਟਾਂ) ਨੇ ਬੀਬੀ ਵੀਰਪਾਲ ਕੌਰ (401 ਵੋਟਾਂ)  ਨੂੰ ਹਰਾ ਕੇ ਜਿੱਤ ਦਰਜ ਕੀਤੀ। ਪਿੰਡ ਚੱਕ ਸੇਖੂਪਰ ਖ਼ੁਰਦ ਦੇ ਨਤੀਜੇ ਮੁਤਾਬਿਕ ਪ੍ਰੇਮ ਸਿੰਘ ਨੇ 119 ਵੋਟਾਂ ਦੇ ਮੁਕਾਬਲੇ 198 ਵੋਟਾਂ ਨਾਲ ਕਰਮ ਸਿੰਘ ਨੂੰ ਹਰਾ ਕੇ ਸਰਪੰਚੀ ਦੀ ਚੋਣ ਜਿੱਤ ਲਈ। ਜਸਵੀਰ ਸਿੰਘ (446 ਵੋਟਾਂ) ਨੇ ਨਿਰਮਲ ਸਿੰਘ (370 ਵੋਟਾਂ) ਨੂੰ ਹਰਾ ਕੇ ਪਿੰਡ ਮਲਿਕਪੁਰ ਦੀ ਸਰਪੰਚੀ ਜਿੱਤ ਲਈ। ਬਾਰੂ ਸਿੰਘ 657 ਵੋਟਾਂ ਦੇ ਫ਼ਰਕ ਨਾਲ ਪਿੰਡ ਮੁਬਾਰਕਪੁਰ ਚੂੰਘਾਂ ਦੇ ਸਰਪੰਚ ਚੁਣੇ ਗਏ, ਜਦ ਕਿ ਪਿਆਰਾ ਸਿੰਘ ਨੇ ਪਿੰਡ ਬੁੱਕਣਵਾਲ ਦੀ ਸਰਪੰਚੀ ਜਿੱਤ ਲਈ। ਪਿੰਡ ਸੁਲਤਾਨਪੁਰ ਦੀ ਸਰਪੰਚੀ ਉੱਪਰ ਕਰਮ ਸਿੰਘ ਅਤੇ  ਪਿੰਡ ਹਕੀਮਪੁਰ ਖਟੜੇ ਦੀ ਸਰਪੰਚੀ 'ਤੇ ਬਲਦੇਵ ਸਿੰਘ ਨੇ ਕਬਜ਼ਾ ਕਰ ਲਿਆ। ਮਨਦੀਪ ਸਿੰਘ ਪਿੰਡ ਅਖਤਿਆਰਪੁਰਾ ਦੇ ਸਰਪੰਚ ਚੁਣੇ ਗਏ।ਬੀਬੀ ਗੁਰਿੰਦਰ ਕੌਰ ਨੂੰ ਪਿੰਡ ਚੱਕ ਸੇਖੂਪੁਰ ਕਲਾਂ ਦੀ ਸਰਪੰਚ ਚੁਣ ਲਿਆ ਗਿਆ ਹੈ। ਬੀਬੀ ਗੁਰਮੀਤ ਕੌਰ ਪਿੰਡ ਅਬਦੁੱਲਾਪੁਰ ਚੁਹਾਣੇ ਦੀ ਸਰਪੰਚ ਬਣ ਗਈ ਹੈ। ਜਥੇਦਾਰ ਬਿੱਕਰ ਸਿੰਘ ਪਿੰਡ ਧਨੋ ਦੇ ਸਰਪੰਚ ਚੁਣੇ ਗਏ ਹਨ ਜਦਕਿ ਬੀਬੀ ਰਾਜਵੰਤ ਕੌਰ ਪਿੰਡ ਬੀੜ ਅਮਾਮਗੜ੍ਹ ਦੀ ਸਰਪੰਚ ਬਣ ਗਈ ਹੈ। ਪਿੰਡ ਮਹੋਲੀ ਕਲਾਂ ਦੀ ਸਰਪੰਚੀ 27 ਵੋਟਾਂ ਦੇ ਫ਼ਰਕ ਨਾਲ ਸੂਰਤ ਸਿੰਘ ਨੇ ਜਿੱਤ ਲਈ ਹੈ ਜਦਕਿ ਪਿੰਡ ਕਲਿਆਣ ਦੀ ਸਰਪੰਚੀ ਉੱਪਰ ਕਾਂਗਰਸੀ ਆਗੂ ਮਨਜੀਤ ਸਿੰਘ ਨੇ 450 ਵੋਟਾਂ ਦੇ ਫ਼ਰਕ ਨਾਲ  ਕਬਜ਼ਾ ਕਰ ਲਿਆ ਹੈ। ਪਿੰਡ ਕਸਬਾ ਭਰਾਲ ਦੀ ਸਰਪੰਚੀ ਉੱਪਰ ਸਤਪਾਲ ਸਿੰਘ ਨੇ ਕਬਜ਼ਾ ਕਰ ਲਿਆ ਹੈ, ਜਦਕਿ ਪਿੰਡ ਬਾਪਲਾ ਦੀ ਸਰਪੰਚੀ ਉੱਪਰ ਬੀਬੀ ਰਣਦੀਪ ਕੌਰ ਨੇ 118 ਵੋਟਾਂ ਦੇ ਫ਼ਰਕ ਨਾਲ ਕਬਜ਼ਾ ਕਰ ਲਿਆ ਹੈ।
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਪੰਚਾਇਤੀ ਚੋਣਾਂ ਦੌਰਾਨ ਲਾਗਲੇ ਪਿੰਡਾਂ ਵਿਚ ਮਾਹੌਲ ਲਗਪਗ ਸ਼ਾਂਤ ਰਿਹਾ। ਪ੍ਰਾਪਤ ਜਾਣਕਾਰੀ ਦੌਰਾਨ ਸ਼ਹਿਰ ਦੇ ਲਾਗਲੇ ਪਿੰਡਾਂ ਵਿਚੋਂ ਸਰਪੰਚੀ ਦੇ ਜੇਤੂ ਉਮੀਦਵਾਰ ਬੌੜਹਾਈ ਕਲਾਂ ਤੋਂ ਹਰਦੀਪ ਸਿੰਘ ਬੌੜਹਾਈ, ਅਹਿਮਦਗੜ੍ਹ ਛੰਨਾਂ ਤੋਂ ਹਰਜਿੰਦਰ ਸਿੰਘ, ਜੰਡਾਲੀ ਖ਼ੁਰਦ ਤੋਂ ਜਸਵੀਰ ਸਿੰਘ, ਜੰਡਾਲੀ ਕਲਾਂ ਤੋਂ ਸਰਬਜੀਤ ਕੌਰ, ਦਹਿਲੀਜ਼ ਖ਼ੁਰਦ ਤੋਂ ਨਛੱਤਰ ਸਿੰਘ ਜੇਤੂ ਰਹੇ।
ਰੁੜਕੀ ਕਲਾਂ, (ਜਤਿੰਦਰ ਮੰਨਵੀ) - ਪੰਚਾਇਤੀ ਚੋਣਾਂ ਦੇ ਐਲਾਨੇ ਨਤੀਜਿਆਂ 'ਚ ਪਿੰਡ ਮੰਨਵੀ ਤੋਂ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀ ਦੇ ਚਾਚਾ ਨਰਿੰਦਰ ਸਿੰਘ ਢੀਂਡਸਾ ਨੇ ਆਪਣੇ ਵਿਰੋਧੀ ਉਮੀਦਵਾਰ ਪਰਮਜੀਤ ਸਿੰਘ ਠੇਕੇਦਾਰ ਨੂੰ ਕਰੀਬ 1100 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਤੇ ਪੰਚੀ ਲਈ ਵਾਰਡ ਨੰਬਰ 1 ਤੋਂ ਹਰਮੇਸ਼ ਸਿੰਘ, ਵਾਰਡ ਨੰਬਰ 2 ਤੋਂ ਹਾਕਮ ਸਿੰਘ, ਵਾਰਡ ਨੰਬਰ 3 ਤੋਂ ਰਾਜੋ, ਵਾਰਡ ਨੰਬਰ 4 ਤੋਂ ਭਗਵੰਤ ਕੌਰ,ਵਾਰਡ ਨੰਬਰ 5 ਤੋਂ ਭੁਪਿੰਦਰ ਕੌਰ, ਵਾਰਡ ਨੰਬਰ 6 ਤੋਂ ਨਰਿੰਦਰ ਕੌਰ, ਵਾਰਡ ਨੰਬਰ 7 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 8 ਤੋਂ ਹਰਦੀਪ ਸਿੰਘ ਕਾਲਾ, ਵਾਰਡ ਨੰਬਰ 9 ਤੋਂ ਸਤਿੰਦਰਪਾਲ ਸਿੰਘ ਕਾਲਾ ਜੇਤੂ ਰਹੇ। ਪਿੰਡ ਲਸੋਈ ਵਿਖੇ ਸਰਪੰਚੀ ਦੇ ਮੁਕਾਬਲੇ 'ਚ ਜਿੱਥੇ ਦਲਜੀਤ ਸਿੰਘ ਨੇ ਆਪਣੇ ਵਿਰੋਧੀ ਵਿਜੇ ਕੁਮਾਰ ਨੂੰ ਜਿੱਥੇ 1000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਉੱਥੇ ਹੀ ਪਿੰਡ ਦੋਲੋਵਾਲ ਤੋਂ ਮਨਪ੍ਰੀਤ ਸਿੰਘ ਨੇ ਆਪਣੇ ਵਿਰੋਧੀ ਹਰਦੀਪ ਸਿੰਘ ਨੂੰ ਹਰਾਇਆ, ਇਸ ਤੋਂ ਬਿਨਾਂ ਪਿੰਡ ਛੋਕਰਾਂ ਵਿਖੇ ਬਚਿੱਤਰ ਸਿੰਘ ਨੂੰ ਹਰਾ ਕੇ ਸਾਬ ਸਿੰਘ ਜੇਤੂ ਰਿਹਾ। ਰੁੜਕੀ ਕਲਾਂ ਤੋਂ ਰਣਵੀਰ ਕੌਰ ਨੇ ਬਲਵੀਰ ਕੌਰ ਨੂੰ ਹਰਾਇਆ ਅਤੇ ਦੱਲਣਵਾਲ ਪਿੰਡ ਤੋਂ ਕਮਲਜੀਤ ਕੌਰ ਸਤਵਿੰਦਰ ਕੌਰ ਨੂੰ ਹਰਾ ਕੇ ਜੇਤੂ ਰਹੀ। ਜੇਤੂ ਉਮੀਦਵਾਰਾਂ ਦੇ ਘਰ ਢੋਲ ਢਮੱਕੇ ਤੇ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲਿਆ।
ਕੁੱਪ ਕਲਾਂ, (ਰਵਿੰਦਰ ਸਿੰਘ ਬਿੰਦਰਾ) - ਪੰਚਾਇਤੀ ਚੋਣਾਂ ਨੂੰ ਲੈ ਕੇ ਪਈਆਂ ਵੋਟਾਂ 'ਚ ਸਥਾਨਕ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਐਲਾਨੇ ਨਤੀਜਿਆਂ'ਚ ਐਸ.ਸੀ ਮਹਿਲਾ ਵਰਗ ਲਈ ਰਾਖਵੇਂ ਪਿੰਡ ਫੱਲੇਵਾਲ ਖ਼ੁਰਦ ਤੋਂ ਬੀਬੀ ਸਰਬਜੀਤ ਕੌਰ ਸਰਪੰਚ ਚੁਣੇ ਗਏ ਹਨ। ਪ੍ਰਾਪਤ ਵੇਰਵੇ ਅਨੁਸਾਰ ਮਹਿਲਾ ਵਰਗ ਲਈ ਰਾਖਵੇਂ ਪਿੰਡ ਵਜ਼ੀਦਗੜ੍ਹ ਰੋਹਣੋ ਤੋਂ ਬੀਬੀ ਰਾਜਿੰਦਰ ਕੌਰ, ਪਿੰਡ ਭੋਗੀਵਾਲ ਤੋਂ ਰਾਜਵਿੰਦਰ ਸਿੰਘ ਲਾਲਾ, ਪਿੰਡ ਕੁੱਪ ਖ਼ੁਰਦ ਤੋਂ ਸੁਰਜੀਤ ਸਿੰਘ ਔਲਖ, ਪਿੰਡ ਅਕਬਰਪੁਰ ਛੰਨਾ ਤੋਂ ਜਗਦੇਵ ਸਿੰਘ ਭੋਲਾ ਸਰਪੰਚ ਚੁਣੇ ਗਏ ਹਨ। ਇਸ ਤਰ੍ਹਾਂ ਹੀ ਪਿੰਡ ਮੋਮਨਾਬਾਦ ਤੋਂ ਸਵਰਨ ਸਿੰਘ ਪਿੰਡ ਦੇ ਸਰਪੰਚ ਚੁਣੇ ਗਏ ਹਨ।
ਭਵਾਨੀਗੜ੍ਹ, ਨਦਾਮਪੁਰ, ਚੰਨੋਂ, (ਰਣਧੀਰ ਸਿੰਘ ਫੱਗੂਵਾਲਾ, ਹਰਜੀਤ ਸਿੰਘ ਨਿਰਮਾਣ) - ਪੰਚਾਇਤੀ ਚੋਣਾਂ ਨੂੰ ਲੈ ਕੇ ਬਲਾਕ ਭਵਾਨੀਗੜ੍ਹ ਅਧੀਨ ਆਉਂਦੇ ਪਿੰਡਾਂ ਵਿਚ ਸਰਪੰਚੀ ਦੇ ਉਮੀਦਵਾਰਾਂ ਲਈ ਹੋਈ ਪੋਲਿੰਗ ਵਿਚ ਦੇਰ ਸ਼ਾਮ ਸਾਹਮਣੇ ਆਏ ਸਰਪੰਚੀ ਦੇ ਉਮੀਦਵਾਰਾਂ ਦੇ ਨਤੀਜਿਆਂ ਵਿਚ ਪਿੰਡ ਮਸਾਣੀਂ ਤੋਂ ਪਰਮਜੀਤ ਕੌਰ ਜੇਤੂ ਰਹੀ। ਇਸੇ ਤਰ੍ਹਾਂ ਪਿੰਡ ਲੱਖੇਵਾਲ ਤੋਂ ਲਖਵੀਰ ਸਿੰਘ ਜੇਤੂ, ਬੀਬੜ ਤੋਂ ਗੁਰਮੀਤ ਕੌਰ ਜੇਤੂ, ਕਾਲਾਝਾੜ ਤੋਂ ਅਮਨਦੀਪ ਕੌਰ ਜੇਤੂ, ਰਾਮਗੜ੍ਹ ਤੋਂ ਕਰਮਜੀਤ ਕੌਰ ਜੇਤੂ, ਨੰਦਗੜ੍ਹ ਤੋਂ ਕੁਲਦੀਪ ਕੌਰ ਜੇਤੂ, ਭੱਟੀਵਾਲ ਖ਼ੁਰਦ ਤੋਂ ਗੁਰਮੀਤ ਕੌਰ ਜੇਤੂ, ਮਹਿਸਮਪੁਰ ਤੋਂ ਕੁਲਦੀਪ ਕੌਰ ਜੇਤੂ, ਬਾਸੀਅਰਖ ਤੋਂ ਕੇਵਲ ਸਿੰਘ ਜੇਤੂ, ਹਰਕ੍ਰਿਸ਼ਨਪੁਰ ਤੋਂ ਪਰਮਜੀਤ ਸਿੰਘ ਕਾਲਾ ਜੇਤੂ, ਫਤਹਿਗੜ੍ਹ ਭਾਦਸੋਂ ਤੋਂ ਅਮਰ ਸਿੰਘ ਜੇਤੂ, ਸੰਗਤਪੁਰਾ ਤੋਂ ਵੀਰਪਾਲ ਕੌਰ ਜੇਤੂ, ਦਿੱਤੂਪੁਰ ਤੋਂ ਸੋਮਾ ਰਾਣੀ, ਰੇਤਗੜ੍ਹ ਤੋਂ ਗੁਰਮੀਤ ਸਿੰਘ, ਰਸੂਲਪੁਰ ਛੰਨਾ ਤੋਂ ਵੀਰਪਾਲ ਸਿੰਘ ਜੇਤੂ ਰਹੇ।
ਅਹਿਮਦਗੜ੍ਹ, (ਪੁਰੀ) - ਲਾਗਲੇ ਪਿੰਡ ਅਹਿਮਦਗੜ੍ਹ ਛੰਨਾਂ ਤੋਂ ਅਕਾਲੀ ਦੇ ਸਰਪੰਚ ਉਮੀਦਵਾਰ ਬੀਬੀ ਰਛਪਾਲ ਕੌਰ ਪਤਨੀ ਹਰਜਿੰਦਰ ਸਿੰਘ ਜੇਤੂ ਰਹੀ। ਜੰਡਾਲੀ ਕਲਾਂ ਤੋਂ ਸਰਬਜੀਤ ਕੌਰ ਪਤਨੀ ਹਰਪਾਲ ਸਿੰਘ ਫੌਜੀ ਲੋਕ ਇਨਸਾਫ ਪਾਰਟੀ ਜੇਤੂ ਰਹੀ। ਜੰਡਾਲੀ ਖੁਰਦ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਪਾਲ ਜੇਤੂ ਰਹੇ।
ਮੂਨਕ, (ਸਿੰਗਲਾ, ਭਾਰਦਵਾਜ) - ਬਲਾਕ ਅਨਦਾਣਾ ਐਟ ਮੂਨਕ ਦੇ ਸਭ ਤੋਂ ਛੋਟੇ ਪਿੰਡ ਸੂਰਜਨਭੈਣੀ ਵਿਖੇ ਸ੍ਰੀਮਤੀ ਸੁਖਜਿੰਦਰ ਕੌਰ ਬੜੇ ਹੀ ਸਖ਼ਤ ਮੁਕਾਬਲੇ ਸਿਰਫ਼ 1 ਵੋਟ ਨਾਲ ਸਰਪੰਚ ਦੀ ਚੋਣ ਜਿੱਤ ਗਏ। ਇੱਥੇ ਜਗਮੇਲ ਸਿੰਘ, ਸ੍ਰੀਮਤੀ ਜਸਬੀਰ ਕੌਰ, ਸਤਿਗੁਰ ਸਿੰਘ ਤੇ ਰਾਮ ਲਾਲ ਸਿੰਘ ਬਤੌਰ ਪੰਚ ਜੇਤੂ ਕਰਾਰ ਦਿੱਤੇ ਗਏ ਹਨ। ਇਸ ਤਰ੍ਹਾਂ ਪਿੰਡ ਭੂਦੜਭੈਣੀ ਵਿਖੇ ਜਗਰੂਪ ਸਿੰਘ ਬਤੌਰ ਸਰਪੰਚ ਚੋਣ ਜਿੱਤ ਗਏ ਹਨ। ਇਤਿਹਾਸਕ ਪਿੰਡ ਮਕਰੋੜ ਸਾਹਿਬ ਵਿਖੇ ਹਰਮੇਲ ਸਿੰਘ ਸਾਬਕਾ ਸਰਪੰਚ, ਸਰੋਜ ਕੌਰ, ਦਰਸ਼ਨ ਸਿੰਘ ਅਤੇ ਗੁਰਸੇਵਕ ਸਿੰਘ ਬਤੌਰ ਪੰਚ ਚੋਣ ਜਿੱਤ ਗਏ। ਰਾਜਲਹੇੜੀ ਵਿਖੇ ਸਰਪੰਚੀ ਦੀ ਚੋਣ ਵਿਚ ਜਬਰਦਸਤ ਮੁਕਾਬਲਾ ਸੀ ਇੱਥੇ ਸ੍ਰੀਮਤੀ ਪਰਮਜੀਤ ਕੌਰ ਬਤੌਰ ਸਰਪੰਚ ਚੋਣ ਜਿੱਤ ਗਏ ਇੱਥੇ ਬਾਕੀ ਸਾਰੇ ਪੰਚਾਇਤ ਮੈਂਬਰ ਸਰਬ ਸੰਮਤੀ ਨਾਲ ਚੋਣ ਜਿੱਤ ਗਏ ਸਨ, ਪਿੰਡ ਸਲੇਮਗੜ੍ਹ ਵਿਖੇ ਫਸਵੇ ਅਤੇ ਦਿਲਚਸਪ ਮੁਕਾਬਲੇ ਵਿਚ ਸ੍ਰੀਮਤੀ ਲਾਭ ਕੌਰ ਮਾਤਾ ਬੀਰੂ ਸਿੰਘ ਬਤੌਰ ਸਰਪੰਚ ਚੋਣ ਜਿੱਤੇ ਗਏ। ਅਕਾਲੀ ਬਾਬਾ ਫੂਲਾ ਸਿੰਘ ਦੇ ਜੱਦੀ ਪਿੰਡ ਦੇਹਲਾ ਸੀਹਾ ਵਿਖੇ ਸ੍ਰੀਮਤੀ ਸਰਬਜੀਤ ਕੌਰ ਨੂੰ ਹਰਾ ਕੇ ਸ੍ਰੀਮਤੀ ਗੁਰਮੀਤ ਕੌਰ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਗਏ। ਪਿੰਡ ਗੋਬਿੰਦਪੁਰ ਪਾਪੜਾ ਵਿਖੇ ਨੈਬ ਸਿੰਘ 85 ਵੋਟਾਂ ਦੇ ਫਰਕ ਨਾਲ ਸਰਪੰਚ ਦੀ ਚੋਣ ਜਿੱਤ ਗਏ, ਇੱਥੇ ਨੈਬ ਸਿੰਘ ਦਾ ਸਕਾ ਭਰਾ ਸਰਪੰਚੀ ਦੀ ਚੋਣ ਹਾਰ ਗਿਆ। ਇੱਥੇ ਕਰਮਤੇਜ ਸਿੰਘ ਉਰਫ਼ ਕਾਲਾ ਤੇ ਮਾਲਵਿੰਦਰ ਸਿੰਘ ਵੋਟਾਂ ਨਾਲ ਪੰਚ ਚੁਣੇ ਗਏ। ਮਕਰੋੜ ਸਾਹਿਬ ਵਿਖੇ ਮਨੈਜਰ ਸਿੰਘ ਸਰਪੰਚੀ ਦੀ ਚੋਣ ਜਿੱਤ ਗਏ। ਘੱਗਰ ਤੋਂ ਪਰਲੇ ਪਿੰਡ ਮਨਿਆਣਾ ਵਿਖੇ ਗੁਰਸੇਵ ਸਿੰਘ 371 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। ਪਿੰਡ ਘਮੂਰਘਾਟ ਸ੍ਰੀਮਤੀ ਸੁਖਵੰਤ ਕੌਰ 115 ਵੋਟਾਂ ਦੇ ਫ਼ਰਕ ਨਾਲ ਸਰਪੰਚੀ ਦੀ ਚੋਣ ਜਿੱਤ ਗਏ।
ਸੰਦੌੜ, (ਚੀਮਾ, ਸੰਧੂ) - ਇੱਥੋਂ ਨਜ਼ਦੀਕ ਪੈਂਦੇ ਪਿੰਡ ਕਸਬਾ ਭੁਰਾਲ ਤੋਂ ਸਤਪਾਲ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਉਮੀਦਵਾਰ ਭੁਪਿੰਦਰ ਸਿੰਘ ਭਿੰਦਾ ਨੂੰ 76 ਵੋਟਾਂ ਨਾਲ ਹਰਾਇਆ। ਇਹ ਪਿੰਡ ਉੱਘੇ ਸਿੱਖ ਪ੍ਰਚਾਰਕ ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਦਾ ਜੱਦੀ ਪਿੰਡ ਹੈ। ਪਿੰਡ ਜਲਵਾਣਾ ਤੋਂ ਬੀਬੀ ਸਰਬਜੀਤ ਕੌਰ ਨੇ 86 ਵੋਟਾਂ ਦੇ ਫ਼ਰਕ ਨਾਲ ਵੀਰਪਾਲ ਕੌਰ ਨੂੰ ਹਰਾਇਆ। ਪਿੰਡ ਚੱਕ ਸੇਖੂਪੁਰ ਖ਼ੁਰਦ ਤੋਂ ਪ੍ਰੇਮ ਸਿੰਘ ਨੇ 219 ਵੋਟਾਂ ਹਾਸਲ ਕਰਕੇ ਕਰਮ ਸਿੰਘ ਨੂੰ ਹਰਾਇਆ। ਪਿੰਡ ਸੁਲਤਾਨਪੁਰ ਬਧਰਾਵਾਂ ਤੋਂ ਕਰਮ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਬਲਜੀਤ ਸਿੰਘ ਨੂੰ 135 ਵੋਟਾਂ ਨਾਲ ਹਰਾਇਆ। ਪਿੰਡ ਮਾਨਮਾਜਰਾ ਮਾਨਾਂ ਤੋਂ ਬੀਬੀ ਬਲਜਿੰਦਰ ਕੌਰ ਪਤਨੀ ਬਲਬੀਰ ਸਿੰਘ ਕਾਲਾ ਨੇ 67 ਵੋਟਾਂ ਨਾਲ ਸਰਪੰਚੀ ਦੀ ਚੋਣ ਜਿੱਤੀ। ਪਿੰਡ ਬਾਪਲਾ ਤੋਂ ਰਣਦੀਪ ਕੌਰ ਸੰਧੂ ਨੇ ਬੀਬੀ ਚਰਨਜੀਤ ਕੌਰ ਨੂੰ 112 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕਸਬਾ ਸੰਦੌੜ ਦੇ ਦੋ ਵਾਰਡਾਂ ਵਿਚ ਪੰਚਾਂ ਦੀ ਹੋਈ ਚੋਣ ਵਿਚ ਵਾਰਡ ਨੰਬਰ 5 ਤੋਂ ਬੀਬੀ ਭੁਪਿੰਦਰ ਕੌਰ ਅਤੇ ਵਾਰਡ ਨੰਬਰ 1 ਤੋਂ ਅਮਰਜੀਤ ਸਿੰਘ ਪੰਚ ਚੁਣੇ ਗਏ। ਇਸ ਪਿੰਡ ਵਿਚ ਸਰਪੰਚ ਸਮੇਤ 7 ਵਾਰਡਾਂ ਵਿਚ ਸਰਬਸੰਮਤੀ ਪਹਿਲਾਂ ਹੀ ਹੋ ਗਈ ਸੀ। ਪਿੰਡ ਮਹੋਲੀ ਖ਼ੁਰਦ ਵਿਖੇ ਜੈਰਾਮ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਕੁਲਵੰਤ ਸਿੰਘ ਨੇ ਪੰਚੀ ਦੀ ਚੋਣ ਜਿੱਤ ਲਈ।

ਉਤਸ਼ਾਹ ਨਾਲ ਲੋਕਾਂ ਨੇ ਪੰਚਾਇਤੀ ਚੋਣਾਂ 'ਚ ਲਿਆ ਭਾਗ
ਸੁਨਾਮ ਊਧਮ ਸਿੰਘ ਵਾਲਾ, 30 ਦਸੰਬਰ (ਰੁਪਿੰਦਰ ਸਿੰਘ ਸੱਗੂ) - ਸੁਨਾਮ ਬਲਾਕ ਵਿਚ ਪੈਂਦੇ ਪਿੰਡਾਂ ਬਖਤੌਰ ਨਗਰ, ਰਾਮਪੁਰ ਕੋਠੇ, ਛਾਜਲੀ, ਨੀਲੋਵਾਲ, ਨਮੋਲ, ਸ਼ੇਰੋਂ, ਬਖਸੀਵਾਲਾ ਆਦਿ ਪਿੰਡਾਂ ਵਿਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ। ਭਾਵੇਂ ਸਵੇਰ ਵੇਲੇ ਸੰਘਣੀ ਧੁੰਦ ਹੋਣ ਕਾਰਨ ਵੋਟਾਂ ਪੈਣ ਦਾ ਕੰਮ ਪਹਿਲਾਂ ਬਹੁਤ ਹੀ ਹੌਲੀ-ਹੌਲੀ ਰਿਹਾ ਸੀ, ਲੇਕਿਨ ਜਿਉਂ ਹੀ ਧੁੱਪ ਚੜ੍ਹੀ ਤਾਂ ਵੋਟਾਂ ਪਾਉਣ ਵਾਲੇ ਲੋਕਾਂ ਦੀ ਭੀੜ ਲੱਗ ਗਈ ਅਤੇ ਵੋਟ ਪਾਉਣ ਮੌਕੇ 'ਤੇ ਲੋਕਾਂ ਵਿਚ ਖ਼ਾਸ ਕਰ ਕੇ ਬੀਬੀਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਦਿੜ੍ਹਬਾ ਮੰਡੀ, (ਪਰਵਿੰਦਰ ਸੋਨੂੰ) - ਬਲਾਕ ਦਿੜ੍ਹਬਾ ਅਧੀਨ ਪੈਂਦੇ ਦਰਜਨ ਤੋ ਉੱਪਰ ਪਿੰਡਾਂ ਅੰਦਰ ਜਾ ਕੇ ਵੇਖਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਚ ਵੋਟਰਾਂ ਵਿਚ ਭਾਰੀ ਉਤਸ਼ਾਹ ਹੈ। ਲੋਕ ਲੰਮੀਆਂ-ਲੰਮੀਆਂ ਕਤਾਰਾਂ ਵਿਚ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਮਰਦਾਂ ਨਾਲੋਂ ਔਰਤਾਂ ਵਿਚ ਵੱਧ ਉਤਸ਼ਾਹ ਵੇਖਣ ਨੂੰ ਮਿਲਿਆ। ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਕਈ ਪਿੰਡਾਂ ਵਿਚ ਸਵੇਰੇ 7.30 ਵਜੇ ਹੀ ਲੋਕ ਵੋਟ ਪਾਉਣ ਲਈ ਕਤਾਰਾਂ ਵਿਚ ਖੜ ਗਏ ਸਨ ਜਦ ਕਿ 8 ਵਜੇ ਵੋਟਿੰਗ ਸ਼ੁਰੂ ਹੋਣੀ ਸੀ। ਲੋਕਾਂ ਵਿਚ ਆਪਣੇ ਸਰਪੰਚ ਜਾਂ ਪੰਚ ਨੂੰ ਚੁਣਨ ਦਾ ਉਤਸ਼ਾਹ ਇਸ ਕਦਰ ਵੇਖਿਆ ਗਿਆ ਕਿ ਲੋਕ ਬਜ਼ੁਰਗਾਂ ਅਤੇ ਅਪਾਹਜਾਂ ਨੂੰ ਵੋਟ ਪਾਉਣ ਲਈ ਚੁੱਕ ਕੇ ਲਿਆ ਰਹੇ ਸੀ। ਪਿੰਡ ਖੇਤਲਾ ਵਿਖੇ ਚੋਣ ਦੇ ਸਮੇਂ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੋਟਰ ਲਾਇਨਾਂ ਵਿਚ ਲੱਗੇ ਹੋਏ ਹਨ। ਸਰਕਾਰ ਵਲੋਂ ਔਰਤ ਦੀ 50 ਪ੍ਰਤੀਸ਼ਤ ਰਾਖਵਾਂ ਕਰਨ ਕਰਕੇ ਇਸ ਚੋਣ ਵਿਚ ਔਰਤਾਂ ਵਲੋਂ ਵੀ ਵੱਡਾ ਉਤਸ਼ਾਹ ਵਿਖਾਇਆ ਗਿਆ। ਪੋਲਿੰਗ ਸਟੇਸ਼ਨਾਂ ਉੱਤੇ ਭਾਰੀ ਭੀੜ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਘਟਨਾ ਹੋਣ ਦਾ ਸਮਾਚਾਰ ਨਹੀਂ ਮਿਲਿਆ।
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) -ਬਲਾਕ ਦਿੜ੍ਹਬਾ ਵਿਚ ਪੰਚਾਇਤੀ ਚੋਣਾਂ ਵਿਚ ਵੋਟਰਾਂ ਨੇ ਭਾਰੀ ਉਤਸ਼ਾਹ ਵਿਖਾਇਆ। ਪਿੰਡ ਜਨਾਲ, ਖੇਤਲਾ, ਕੈਂਪਰ, ਕੜਿਆਲ, ਕਮਾਲਪੁਰ, ਖਨਾਲ ਖ਼ੁਰਦ, ਖਨਾਲ ਕਲਾਂ, ਦਿਆਲਗੜ੍ਹ ਜੇਜੀਆ, ਸਫੀਪੁਰ ਕਲਾਂ, ਬਘਰੌਲ ਆਦਿ ਪਿੰਡਾਂ ਵਿੱਚ ਸਵੇਰ ਵੇਲੇ ਹੀ ਵੋਟਰਾਂ ਦੀਆ ਲੰਮੀਆ ਕਤਾਰਾਂ ਲੱਗ ਗਈਆਂ ਸਨ। ਕਈ ਪੋਲਿੰਗ ਬੂਥਾਂ ਉੱਪਰ ਵੋਟਰਾਂ ਨੂੰ ਵੋਟ ਪਾਉਣ ਲਈ ਇਕ ਘੰਟੇ ਤੋਂ ਵੱਧ ਸਮਾਂ ਲੱਗਿਆ। ਉਮੀਦਵਾਰਾਂ ਦੇ ਸਮਰਥਕ ਬਜ਼ੁਰਗਾਂ ਅਤੇ ਅਪਾਹਜਾਂ ਨੂੰ ਵੋਟ ਪਾਉਣ ਲਈ ਚੁੱਕ ਕੇ ਲਿਆਉਂਦੇ ਰਹੇ। ਦੁਪਹਿਰ ਤੱਕ ਕਈ ਪਿੰਡਾਂ ਵਿਚ ਅੱਧੀਆਂ ਤੋਂ ਵੱਧ ਵੋਟਾਂ ਪੋਲ ਹੋ ਗਈਆਂ ਸਨ।
ਕੁੱਪ ਕਲਾਂ, (ਰਵਿੰਦਰ ਸਿੰਘ ਬਿੰਦਰਾ) - ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਸਥਾਨਕ ਇਲਾਕੇ ਦੇ ਪਿੰਡਾਂ ਅੰਦਰ ਜਿੱਥੇ ਵੋਟਾਂ ਪਾਉਣ ਲਈ ਪੋਲਿੰਗ ਕੇਂਦਰਾਂ ਅੰਦਰ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਦੇਖਣ ਨੂੰ ਮਿਲੀਆਂ ਉੱਥੇ ਹੀ ਵੱਖ ਵੱਖ ਪਿੰਡਾਂ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ,ਜਿਸ ਤੋਂ ਸਾਫ਼ ਪਤਾ ਚੱਲਦਾ ਸੀ ਕਿ ਵੋਟਰ ਆਪਣੇ ਪਸੰਦੀਦਾ ਸਰਪੰਚ ਤੇ ਪੰਚ ਚੁਨਣ ਲਈ ਬੇਤਾਬ ਹਨ। ਸਥਾਨਕ ਪੱਤਰਕਾਰ ਵਲੋਂ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਸਾਹਮਣੇ ਆਇਆ ਕਿ ਸਮੁੱਚੇ ਪਿੰਡਾਂ ਅੰਦਰ ਹਰ ਧੜੇ ਦੇ ਸਮਰਥਕ ਇਕ ਇਕ ਵੋਟ ਭੁਗਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਸਨ ਅਤੇ ਵੋਟਰਾਂ ਨੂੰ ਵੱਖ ਵੱਖ ਵਾਹਨਾਂ ਰਾਹੀਂ ਪੋਲਿੰਗ ਕੇਂਦਰਾਂ ਤੱਕ ਲੈ ਕੇ ਆਉਣ ਦਾ ਪ੍ਰਬੰਧ ਕੀਤਾ ਗਿਆ ਸੀ। ਭਾਵੇਂ ਥਾਣਾ ਸਦਰ ਅਹਿਮਦਗੜ੍ਹ ਅਧੀਨ ਆਉਂਦੇ ਪਿੰਡਾਂ ਮੋਮਨਾਬਾਦ, ਕੰਗਣਵਾਲ ਤੇ ਸਰੌਦ ਆਦਿ ਨੂੰ ਅਤਿ ਸੰਵੇਦਨਸ਼ੀਲ ਅਤੇ ਅਕਬਰਪੁਰ ਛੰਨਾ, ਰੋਹੀੜਾ, ਕੁੱਪ ਖ਼ੁਰਦ, ਕੁੱਪ ਕਲਾਂ ਆਦਿ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਸੀ ਪਰ ਖ਼ਬਰ ਭੇਜੇ ਜਾਣ ਤੱਕ ਕਿਧਰੇ ਵੀ ਕੋਈ ਲੜਾਈ ਝਗੜਾ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ। ਚੋਣਾਂ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ ਜਿਨ੍ਹਾਂ ਦੀ ਦੇਖ ਰੇਖ ਗੁਰਮੀਤ ਸਿੰਘ ਐਸ.ਪੀ (ਡੀ) ਸੰਗਰੂਰ ਅਤੇ ਪਲਵਿੰਦਰ ਸਿੰਘ ਚੀਮਾ ਡੀ.ਐਸ.ਪੀ ਅਹਿਮਦਗੜ੍ਹ ਸਮੇਤ ਜਤਿੰਦਰਪਾਲ ਸਿੰਘ ਥਾਣਾ ਮੁਖੀ ਸਦਰ ਅਹਿਮਦਗੜ੍ਹ ਖ਼ੁਦ ਕਰ ਰਹੇ ਸਨ ਅਤੇ ਸਮੁੱਚੇ ਪਿੰਡਾਂ ਦੀ ਚੋਣ ਪ੍ਰਕਿਰਿਆ'ਤੇ ਕਰੜੀ ਨਜ਼ਰ ਰੱਖੀ ਜਾ ਰਹੀ ਸੀ। ਪਿੰਡ ਨੱਥੂਮਾਜਰਾ ਵਿਖੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਐਸ.ਪੀ (ਡੀ) ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਅੰਦਰ ਚੋਣ ਪ੍ਰਕਿਰਿਆ ਪੂਰੇ ਅਮਨ ਅਮਾਨ ਨਾਲ ਚੱਲ ਰਹੀ ਹੈ।
ਲਹਿਰਾਗਾਗਾ, (ਅਸ਼ੋਕ ਗਰਗ) - ਬਲਾਕ ਲਹਿਰਾਗਾਗਾ ਦੀਆਂ 45 ਪੰਚਾਇਤਾਂ ਲਈ ਪੋਲਿੰਗ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ। ਪਿੰਡ ਚੰਗਾਲੀਵਾਲਾ ਵਿਖੇ ਵਾਰਡ ਨੰਬਰ 4 ਪੋਲਿੰਗ ਬੂਥ ਨੰ. 98 'ਤੇ  185 ਵੋਟਰ ਹੋਣ ਦੇ ਬਾਵਜੂਦ ਇੱਥੇ ਸਿਰਫ 100 ਬੈਲਟ ਪੇਪਰ ਹੀ ਪ੍ਰਿੰਟ ਹੋ ਕੇ ਆਇਆ। ਐਡਵੋਕੇਟ ਹਰਿੰਦਰ ਸਿੰਘ ਚੰਗਾਲੀਵਾਲਾ ਨੇ ਦੱਸਿਆ ਹੈ ਕਿ ਬਾਅਦ ਦੁਪਹਿਰ 1.45  ਵਜੇ ਬੈਲਟ ਪੇਪਰ ਖ਼ਤਮ ਹੋ ਗਏ ਅਤੇ 3.30 ਵਜੇ ਤੱਕ ਕੋਈ ਬੈਲਟ ਪੇਪਰ ਨਾ ਪਹੁੰਚਣ ਕਰਕੇ ਵੋਟਰਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ। ਇਸ ਸਬੰਧੀ ਉਨ੍ਹਾਂ ਚੋਣ ਅਧਿਕਾਰੀ ਐਸ.ਡੀ.ਐਮ. ਸੂਬਾ ਸਿੰਘ ਦੇ ਧਿਆਨ ਹਿਤ ਲਿਆਂਦਾ ਅਤੇ ਸਹਾਇਕ ਚੋਣ ਅਧਿਕਾਰੀ ਨਾਇਬ ਤਹਿਸੀਲਦਾਰ ਬਹਾਦਰ ਸਿੰਘ ਬੈਲਟ ਪੇਪਰ ਲੈ ਕੇ ਪਿੰਡ ਚੰਗਾਲੀਵਾਲਾ ਵਿਖੇ ਪਹੁੰਚੇ ਤਾਂ ਐਡਵੋਕੇਟ ਹਰਿੰਦਰ ਸਿੰਘ ਹੋਰਾਂ ਨੂੰ ਸ਼ੱਕ ਸੀ ਕਿ ਇਹ ਬੈਲਟ ਪੇਪਰਾਂ ਉੱਪਰ ਪਹਿਲਾਂ ਤੋਂ ਹੀ ਮੋਹਰ ਲਗਾ ਕੇ ਨਾ ਲਿਆਂਦਾ ਗਿਆ ਹੋਵੇ ਤਾਂ ਉਨ੍ਹਾਂ ਇਕੱਲਾ-ਇਕੱਲਾ ਬੈਲਟ ਪੇਪਰ ਚੈੱਕ ਕਰਨ ਮਗਰੋਂ ਵੋਟਿੰਗ ਦਾ ਕੰਮ ਮੁੜ ਸ਼ੁਰੂ ਹੋਇਆ। ਰਿਟਰਨਿੰਗ ਅਫ਼ਸਰ ਨਰਿੰਦਰ ਪਾਲ ਸਿੰਘ ਚੀਮਾ ਨੇ ਚੋਣ ਲੜ ਰਹੇ ਉਮੀਦਵਾਰਾਂ ਤੋਂ ਸਹਿਮਤੀ ਲੈ ਕੇ 2 ਘੰਟੇ ਦੇਰੀ ਨਾਲ ਮੁੜ ਵੋਟਾਂ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਅਤੇ ਉੱਚ ਅਧਿਕਾਰੀਆਂ ਤੋਂ ਸਹਿਮਤੀ ਲੈ ਕੇ ਵੋਟਾਂ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਗਿਆ। ਚੋਣ ਅਧਿਕਾਰੀ ਸੂਬਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ ਨੇ ਬੈਲਟ ਪੇਪਰ ਲਿਜਾਉਣ ਸਮੇਂ ਗਿਣਤੀ ਨਹੀਂ ਕੀਤੀ। ਇਹ ਬੈਲਟ ਪੇਪਰ ਪਿੱਛੋਂ ਹੀ ਘੱਟ ਪ੍ਰਿੰਟ ਹੋ ਕੇ ਆਏ ਸੀ ਜਿਸ ਕਾਰਨ ਵੋਟਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਲਹਿਰਾਗਾਗਾ, (ਅਸ਼ੋਕ ਗਰਗ) - ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਬਲਾਕ ਲਹਿਰਾਗਾਗਾ ਦੀਆਂ ਪੰਚਾਇਤੀ ਚੋਣਾਂ ਲਈ ਬਣੇ ਵੱਖ-ਵੱਖ ਪੋਲਿੰਗ ਬੂਥਾਂ ਉੱਪਰ ਪਹੁੰਚ ਕੇ ਜਾਇਜ਼ਾ ਲਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੋਲਿੰਗ ਬੂਥ ਤੋਂ 200 ਮੀਟਰ ਏਰੀਏ ਵਿਚ ਕਿਸੇ ਵੀ ਵਾਧੂ ਵਿਅਕਤੀ ਨੂੰ ਨਾ ਆਉਣ ਦਿੱਤਾ ਜਾਵੇ ਅਤੇ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਾ ਹੋਣ ਦਿੱਤੀ ਜਾਵੇ। ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਡਾ. ਗਰਗ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਅੰਦਰ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਹੈ। ਕਿਸੇ ਵੀ ਪੋਲਿੰਗ ਬੂਥ ਉੱਪਰ ਕਿਸੇ ਪ੍ਰਕਾਰ ਦੀ ਕੋਈ ਧੱਕੇਸ਼ਾਹੀ ਨਹੀਂ ਹੈ। ਵੋਟਰ ਆਪਸੀ ਭਾਈਚਾਰਕ ਏਕਤਾ ਰੱਖਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਇਸ ਨਾਲ ਲੋਕਤੰਤਰ ਦੀ ਜਿੱਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਵੀ ਪੋਲਿੰਗ ਬੂਥ ਉੱਪਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਤੁਰੰਤ ਪੁਲਿਸ ਦੇ ਧਿਆਨ ਵਿਚ ਲੈ ਕੇ ਆਉਣ। ਇਸ ਮੌਕੇ ਡੀ.ਐਸ.ਪੀ. ਮੂਣਕ ਅਜੇਪਾਲ ਸਿੰਘ, ਡੀ.ਐਸ.ਪੀ. ਹੈੱਡਕੁਆਟਰ ਬਹਾਦਰ ਸਿੰਘ ਰਾਓ, ਥਾਣਾ ਮੁਖੀ ਇੰਸਪੈਕਟਰ ਡਾ. ਜਗਬੀਰ ਸਿੰਘ, ਸਹਾਇਕ ਥਾਣੇਦਾਰ ਨਰਿੰਦਰ ਸਿੰਘ ਭੱਲਾ ਵੀ ਮੌਜੂਦ ਸਨ।
ਚੀਮਾਂ ਮੰਡੀ, (ਜਸਵਿੰਦਰ ਸਿੰਘ ਸ਼ੇਰੋਂ) - ਇਲਾਕੇ ਵਿਚ ਗਰਾਮ ਪੰਚਾਇਤ ਦੀਆਂ ਚੋਣਾਂ ਦਾ ਕੰਮ ਪੂਰੀ ਸ਼ਾਂਤੀ ਅਤੇ ਅਮਨ ਨਾਲ ਨਿੱਬੜਿਆ। ਪਿੰਡ ਸ਼ਾਹਪੁਰ ਕਲਾਂ ਵਿਖੇ 9 ਵਾਰਡਾਂ ਵਿਚੋਂ ਕੁੱਲ 4 ਵਾਰਡਾਂ ਤੇ ਹੀ ਵੋਟਾਂ ਪਾਈਆਂ, ਜਦਕਿ ਵਾਰਡ ਨੰਬਰ 1,3,5,8 ਅਤੇ 9 'ਤੇ ਪੰਚੀ ਲਈ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ। ਪਿੰਡ ਵਲੋਂ ਬਲਵਿੰਦਰ ਸਿੰਘ ਬੱਬੂ ਨੂੰ ਪਹਿਲਾਂ ਹੀ ਸਰਪੰਚ ਚੁਣ ਲਿਆ ਗਿਆ ਹੈ। ਅੱਜ ਪਚੀ ਲਈ ਵਾਰਡ ਨੰਬਰ 2,4,6 ਅਤੇ 7 ਤੇ ਪੋਲਿੰਗ ਹੋਈ। ਵਾਰਡ ਨੰਬਰ 4 ਵਿਚੋਂ ਕੁੱਲ 364 ਵਿਚੋਂ 330, ਵਾਰਡ 7 ਵਿਚੋਂ ਕੁੱਲ 371 ਵਿਚੋਂ 323, 2 ਨੰਬਰ ਵਾਰਡ 313 'ਚੋਂ 290 ਅਤੇ 6 ਨੰਬਰ ਚੋਂ 362 'ਚੋਂ 325 ਵੋਟਾਂ ਪੋਲ ਹੋਈਆਂ। ਇਸੇ ਤਰ੍ਹਾਂ ਪਿੰਡ ਝਾੜੋਂ ਵਿਖੇ ਵੀ 9 ਵਾਰਡਾਂ ਵਿਚੋਂ ਪੰਚੀ ਲਈ ਸਿਰਫ਼ 6 ਵਾਰਡਾਂ ਤੇ ਹੀ ਵੋਟਿੰਗ ਹੋਈ ਕਿਉਂਕਿ ਵਾਰਡ ਨੰਬਰ 2 ਅਤੇ 4 ਲਈ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ। ਸਰਪੰਚੀ ਲਈ ਕੁੱਲ 3470 ਵੋਟਾਂ ਵਿਚੋਂ 85 ਪ੍ਰਤੀਸ਼ਤ ਦੇ ਕਰੀਬ ਵੋਟਿੰਗ ਹੋਈ। ਪਿੰਡ ਬੀਰ ਕਲਾ ਦੀ ਸਮੁੱਚੀ ਪੰਚਾਇਤ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੀ ਜਾ ਚੁੱਕੀ ਹੈ। ਪਿੰਡ ਤੋਲਾਵਾਲ ਵਿਖੇ ਸਰਪੰਚੀ ਲਈ ਕੁੱਲ 2713 ਵਿਚੋਂ 90 ਪ੍ਰਤੀਸ਼ਤ ਦੇ ਕਰੀਬ  ਵੋਟਾਂ ਦੀ ਪੋਲਿੰਗ ਹੋਈ ਹੈ। ਜਦਕਿ ਪੰਚੀ ਲਈ ਵਾਰਡ ਨੰਬਰ 1,3 ਅਤੇ 9 ਲਈ ਪੋਲਿੰਗ ਹੋਈ, ਵਾਰਡ ਨੰਬਰ 2,4,5,6,7 ਅਤੇ 8 ਦੇ ਪੰਚ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।
ਲੌਂਗੋਵਾਲ, (ਸ.ਸ.ਖੰਨਾ) - ਨੇੜਲੇ ਪਿੰਡ ਦਿਆਲਗੜ੍ਹ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੋਲਿੰਗ ਦੌਰਾਨ ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਆਪਣੀ ਟੀਮ ਸਮੇਤ ਸਰਕਾਰੀ ਸਕੂਲ ਦਿਆਲਗੜ੍ਹ ਪੋਲਿੰਗ ਦਾ ਜਾਇਜ਼ਾ ਲਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪਿੰਡ ਵਿਚ ਚੋਣਾਂ ਪੂਰੇ ਅਮਨ ਅਮਾਨ ਨਾਲ ਪੈ ਰਹੀਆਂ ਹਨ । ਇਸ ਮੌਕੇ ਉਨ੍ਹਾਂ ਨਾਲ ਸਬ ਇੰਸਪੈਕਟਰ ਸਤਨਾਮ ਸਿੰਘ, ਸਹਾਇਕ ਥਾਣੇਦਾਰ ਹਰਚੇਤਨ ਸਿੰਘ, ਪਰਮਜੀਤ ਸਿੰਘ ਢੀਂਡਸਾ, ਰਘਵੀਰ ਸਿੰਘ ਆਦਿ ਮੌਜੂਦ ਸਨ।
ਛਾਹੜ, (ਜਸਵੀਰ ਸਿੰਘ ਔਜਲਾ) - ਹਲਕਾ ਦਿੜਬਾ ਮੰਡੀ ਦੇ ਕਸਬਾ ਛਾਹੜ ਦੇ ਨਜਦੀਕੀ ਪਿੰਡ ਰਟੋਲਾਂ ਦੇ ਤਕਰੀਬਨ 1 ਵਜੇ ਦੇ ਕਰੀਬ 75 ਪ੍ਰਤੀਸ਼ਤ ਵੋਟ ਪੋਲ ਹੋ ਜਾਣ ਕਾਰਨ ਬੂਥ ਖਾਲੀ ਪਏ ਦਿਖਾਈ ਦੇ ਰਹੇ ਸੀ । ਜਦੋ ਸਬੰਧਿਤ ਅਜਰਬਰ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਇਸ ਪਿੰਡ ਦੀਆਂ ਕੁੱਲ 1390 ਵੋਟਾਂ ਹਨ ਜਿੰਨ੍ਹਾਂ ਵਿਚੋਂ ਹੁਣ ਤੱਕ ਤਕਰੀਬਨ 1071ਵੋਟਾਂ ਪੋਲ ਹੋ ਚੁੱਕੀਆਂ ਹਨ। ਪੋਲਿੰਗ ਏਜੰਟ ਜਗਤਾਰ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਲੋਕਾਂ ਨੇ ਸਾਂਤੀ ਨਾਲ ਵੋਟ ਪੋਲ ਕੀਤੀ ।
ਭਵਾਨੀਗੜ੍ਹ, (ਜਰਨੈਲ ਸਿੰਘ ਮਾਝੀ) - ਭਵਾਨੀਗੜ੍ਹ ਇਲਾਕੇ ਦੇ ਕਈ ਪਿੰਡਾਂ ਵਿਚ ਸਰਪੰਚੀ ਦੀ ਚੋਣ ਵਿਚ ਕਾਂਗਰਸੀ ਹੀ ਆਪਸ ਵਿਚ ਟਕਰਾਏ। ਸਰਪੰਚੀ ਦੀ ਚੋਣ ਜਿੱਤਣ ਲਈ ਕਈ ਅਕਾਲੀ ਵੀ ਆਪਣੇ ਆਪ ਨੂੰ ਕਾਂਗਰਸੀ ਹੀ ਆਖ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਭਵਾਨੀਗੜ੍ਹ ਬਲਾਕ ਦੇ ਸਾਰੇ ਪਿੰਡਾਂ ਵਿਚ ਬਿਨਾ ਕਿਸੇ ਲੜਾਈ ਝਗੜੇ ਦੇ ਵੋਟਾਂ ਪੈ ਰਹੀਆਂ ਹਨ। ਪੰਚਾਇਤ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਉਮੀਦਵਾਰਾਂ ਵਲੋਂ ਵੋਟਾਂ ਪਾਉਣ ਆ ਰਹੇ ਲੋਕਾਂ ਲਈ ਲੰਗਰ ਲਾਏ ਜਾ ਰਹੇ ਹਨ। ਕਈ ਪਿੰਡਾਂ ਵਿਚ ਕੁਝ ਵਿਅਕਤੀਆਂ ਨੇ ਵੋਟ ਪਾਉਣ ਸਮੇਂ ਵੀ ਸ਼ਰਾਬ ਪੀਤੀ ਹੋਈ ਸੀ। ਪਿੰਡਾਂ ਵਿਚ ਚੋਣਾਂ ਵਿਚ ਸ਼ਰਾਬ ਤੇ ਭੁਕੀ ਪੋਸਤ ਲੋਕਾਂ ਨੂੰ ਖੁੱਲ੍ਹ ਕੇ ਦਿੱਤੀ ਗਈ। ਉਮੀਦਵਾਰਾਂ ਨੇ ਜੋ ਵਿਅਕਤੀ ਬਜ਼ੁਰਗ ਸਨ ਉਨ੍ਹਾਂ ਨੂੰ ਆਪਣੇ ਸਾਧਨਾਂ ਰਾਹੀਂ ਲਿਆ ਕੇ ਵੋਟ ਪਵਾਈ।
ਮੂਣਕ, (ਗਮਦੂਰ ਧਾਲੀਵਾਲ) - ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰ ਵੇਲੇ ਤੋਂ ਹੀ ਵੋਟਰ ਭਾਰੀ ਗਿਣਤੀ ਵਿਚ ਆਪਣਾ ਵੋਟ ਦਾ ਅਧਿਕਾਰ ਵਰਤਣ ਲਈ ਉਤਾਵਲੇ ਦਿਸੇ। ਪੋਲਿੰਗ ਬੂਥਾਂ 'ਤੇ ਵੋਟਰ ਮਰਦ ਔਰਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਵੋਟਰਾਂ ਨੂੰ ਵੋਟ ਪਾਉਣ ਲਈ ਕਈ-ਕਈ ਘੰਟੇ ਲਾਈਨਾਂ ਵਿਚ ਲੱਗਣਾ ਪਿਆ। ਖ਼ਬਰ ਲਿਖੇ ਜਾਣ ਤੱਕ ਇਲਾਕੇ ਦੇ ਪਿੰਡਾਂ ਵਿਚ ਵੋਟਾਂ ਅਮਨ ਅਮਾਨ ਨਾਲ ਪਈਆਂ।
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਇਲਾਕੇ ਦੇ ਪਿੰਡਾਂ ਵਿਚ ਸਰਪੰਚਾਂ ਅਤੇ ਪੰਚਾਂ ਦੀ ਚੋਣ ਲਈ ਵੋਟਾਂ ਪਾਉਣ  ਲਈ ਅੱਜ ਲੋਕਾਂ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲਿਆਂ। ਸਵੇਰੇ ਪੂਰੀ ਠੰਡ ਦੇ ਬਾਵਜੂਦ ਲੋਕ ਵੋਟਾਂ ਪਾਉਣ ਲਈ ਲਾਈਨਾਂ ਵਿਚ ਖੜੇ ਨਜ਼ਰ ਆਏ। ਇਨ੍ਹਾਂ ਵੋਟਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡੀ.ਐਸ.ਪੀ ਭਵਾਨੀਗੜ੍ਹ ਵਰਿੰਦਰਜੀਤ ਸਿੰਘ ਥਿੰਦ ਅਤੇ ਐਸ.ਐਚ.ਓ ਭਵਾਨੀਗੜ੍ਹ ਪ੍ਰਿਤਪਾਲ ਸਿੰਘ ਨੇ ਪੂਰੇ ਇਲਾਕੇ ਦੇ ਪਿੰਡਾਂ ਵਿਚ ਦੌਰਾਂ ਕਰਕੇ ਹਰ ਚੋਣ ਬੂਥ ਉਪਰ ਜਾ ਕੇ ਖੁੱਦ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਸ਼ਾਮ 3 ਵਜੇ ਤੱਕ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਕੀਤੇ ਗਏ ਦੌਰੇ ਦੌਰਾਨ 75 ਤੋਂ 76 ਫੀਸ਼ਦੀ ਪੋਲਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਲਾਕੇ ਦੇ ਕਈ ਪਿੰਡਾਂ ਵਿਚ ਵੋਟਾਂ ਦੇ ਭੁਗਤਾਨ ਦੀ ਚਾਲ ਕਾਫੀ ਹੌਲੀ ਹੋਣ ਕਾਰਨ ਲੰਬੀਆਂ ਲਾਈਨਾ ਵਿਚ ਖੜੇ ਵੋਟਰ ਪ੍ਰੇਸ਼ਾਨ ਹੁੰਦੇ ਨਜ਼ਰ ਆਏ। ਵੋਟਰਾਂ ਦਾ ਕਹਿਣਾ ਸੀ ਕਿ ਵੋਟਾਂ ਪਵਾਉਣ ਲਈ ਆਏ ਸਟਾਫ ਦੀ ਚਾਲ ਸੁਸਤ ਹੋਣ ਕਾਰਨ ਹੋ ਸਵੇਰ ਤੋਂ ਲੰਬੀਆਂ ਲਾਈਨਾਂ ਵਿਚ ਖੜੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ। ਜਦੋਂ ਇਸ ਸਬੰਧੀ ਇਨ੍ਹਾਂ ਪਿੰਡਾਂ ਦੇ ਚੋਣ ਸਟਾਫ ਨਾਲ ਗੱਲਬਾਤ ਕੀਤੀ ਤਾਂ ਇਨ੍ਹਾਂ ਪਿੰਡਾਂ ਵਿਚ ਬੂਥਾਂ ਦੀ ਗਿਣਤੀ ਘੱਟ ਅਤੇ ਵੋਟਾਂ ਦੀ ਗਿਣਤੀ ਜਿਆਦਾ ਹੋਣਾ ਕਾਰਨ ਦੱਸਿਆ।
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਕੜਕਦੀ ਠੰਢ ਦੇ ਬਾਵਜੂਦ ਬਲਾਕ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡਾਂ ਵਿਚ ਆਪਣੇ ਆਪਣੇ ਪੰਚੀ ਸਰਪੰਚੀ ਦੇ ਉਮੀਦਵਾਰ ਚੁਣਨ ਲਈ ਵੋਟਰਾਂ 'ਚ ਇਸ ਕਦਰ ਭਾਰੀ ਉਤਸ਼ਾਹ ਸੀ ਕਿ ਪੋਲਿੰਗ ਬੂਥਾਂ ਉੱਤੇ ਸਵੇਰੇ 8 ਵਜੇ ਤੋਂ ਪਹਿਲਾਂ ਹੀ ਲੰਮੀਆਂ ਲੰਮੀਆਂ ਲਾਇਨਾਂ ਲੱਗ ਗਈਆਂ ਸਨ। ਵਿਰੋਧੀ ਪਾਰਟੀਆਂ ਵਲੋਂ ਗੜਬੜੀਆਂ ਦੇ ਸ਼ੰਕੇ ਜਿਤਾਉਣ ਦੇ ਬਾਵਜੂਦ ਕਰੀਬ ਸਾਰੇ ਪਿੰਡਾਂ ਵਿਚ ਖ਼ਬਰ ਲਿਖੇ ਜਾਣ ਤੱਕ ਵੋਟਾਂ ਦਾ ਕੰਮ ਪੁਰ ਅਮਨ ਰਿਹਾ। ਬਲਾਕ ਦੇ 52 ਪਿੰਡਾਂ 'ਚੋਂ 43 ਪਿੰਡਾਂ ਦੀਆਂ ਪੰਚਾਇਤਾਂ ਦੇ ਗਠਨ ਲਈ ਵੋਟਾਂ ਪਵਾਉਣ ਲਈ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਬਲਾਕ ਦੇ 9 ਪਿੰਡਾਂ ਵਿਚ ਪੰਚਾਂ ਸਰਪੰਚਾਂ ਦੀ ਪਹਿਲਾਂ ਹੀ ਸਰਬ ਸੰਮਤੀ ਹੋ ਗਈ ਸੀ। ਪੁਲਿਸ ਅਧਿਕਾਰੀਆਂ ਵਲੋਂ ਲਗਾਤਾਰ ਹਰ ਪਿੰਡ ਵਿਚ ਪੋਲਿੰਗ ਬੂਥਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਸੀ।
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) - ਪੰਚਾਇਤੀ ਚੋਣਾਂ ਦੌਰਾਨ ਅੱਜ ਪਈਆਂ ਵੋਟਾਂ ਨੂੰ ਲੈ ਕੇ ਸੰਦੌੜ ਇਲਾਕੇ ਦੇ ਪਿੰਡਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 8 ਵਜੇ ਤੋਂ ਜਿਉਂ ਹੀ ਪਿੰਡਾਂ ਵਿਚ ਵੋਟਿੰਗ ਦਾ ਕੰਮ ਸ਼ੁਰੂ ਹੋਇਆ ਤਾਂ ਲੋਕ ਘਰਾਂ ਵਿਚੋਂ ਨਿਕਲ ਕੇ ਬਾਹਰ ਆਏ ਅਤੇ ਪੋਲਿੰਗ ਬੂਥਾਂ 'ਤੇ ਲੰਮੀਆਂ ਕਤਾਰਾਂ ਲੱਗ ਪਈਆਂ। ਸ਼ਾਮ 4 ਵਜੇ ਤੱਕ ਇਲਾਕੇ ਦੇ ਪਿੰਡ ਕੁਠਾਲਾ ਵਿਖੇ 80 ਫ਼ੀਸਦੀ, ਖ਼ੁਰਦ ਵਿਖੇ 72 ਫ਼ੀਸਦੀ, ਮਾਣਕੀ ਵਿਖੇ 71 ਫ਼ੀਸਦੀ, ਦਸੌਧਾ ਸਿੰਘ ਵਾਲਾ 80 ਫ਼ੀਸਦੀ, ਕਲਿਆਣ ਵਿਖੇ 80 ਫ਼ੀਸਦੀ ਅਤੇ ਬਾਪਲਾ ਵਿਖੇ 83 ਫ਼ੀਸਦੀ ਵੋਟ ਪੋਲ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਉੱਧਰ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸ੍ਰੀ ਯੋਗੀਰਾਜ ਸ਼ਰਮਾ ਡੀ.ਐਸ.ਪੀ ਮਾਲੇਰਕੋਟਲਾ ਨੇ ਖ਼ੁਦ ਅੱਗੇ ਹੋਕੇ ਸੰਦੌੜ ਇਲਾਕੇ ਦੇ ਪਿੰਡਾਂ ਵਿਚ ਜਾ ਕੇ ਪੋਲਿੰਗ ਬੂਥਾਂ ਉੱਪਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਿੰਡ ਮਹੋਲੀ ਖ਼ੁਰਦ ਵਿਖੇ ਗੱਲਬਾਤ ਕਰਦੇ ਹੋਏ ਡੀ.ਐਸ.ਪੀ ਯੋਗੀਰਾਜ ਸ਼ਰਮਾ ਨੇ ਕਿਹਾ ਕਿ ਪੂਰੇ ਇਲਾਕੇ ਵਿਚ ਪੁਨਰ ਅਮਨ ਅਮਾਨ ਨਾਲ ਵੋਟਿੰਗ ਦਾ ਕੰਮ ਚੱਲ ਰਿਹਾ ਹੈ।
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ) - ਬਲਾਕ ਸ਼ੇਰਪੁਰ ਵਿਖੇ ਪੰਚਾਇਤੀ ਚੋਣਾਂ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੰਨ ਹੋਇਆ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ 4 ਵਜੇ ਤੱਕ ਵੋਟਾਂ ਪਾਈਆਂ ਗਈਆਂ। ਇਸ ਮੌਕੇ ਕਈ ਪਿੰਡਾਂ ਵਿਚ 4 ਵਜੇ ਤੋਂ ਬਾਅਦ ਵੀ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਸ ਮੌਕੇ ਵੱਖ ਵੱਖ ਪਿੰਡਾਂ ਵਿਚੋਂ ਮਿਲੀ ਜਾਣਕਾਰੀ ਅਨੁਸਾਰ ਸ਼ੇਰਪੁਰ ਵਿਖੇ 80 ਪ੍ਰਤੀਸ਼ਤ , ਖੇੜੀ ਖ਼ੁਰਦ ਵਿਖੇ 86 ਪ੍ਰਤੀਸ਼ਤ, ਦੀਦਾਰਗੜ ਵਿਖੇ 90 ਪ੍ਰਤੀਸ਼ਤ, ਅਲੀਪੁਰ ਖ਼ਾਲਸਾ ਵਿਖੇ 90 ਪ੍ਰਤੀਸ਼ਤ, ਮਾਹਮਦਪੁਰ ਵਿਖੇ 80 ਪ੍ਰਤੀਸ਼ਤ, ਗੋਬਿੰਦਪੁਰਾ ਵਿਖੇ 95 ਪ੍ਰਤੀਸ਼ਤ , ਕਾਤਰੋਂ ਵਿਖੇ 80 ਪ੍ਰਤੀਸ਼ਤ, ਹੇੜੀਕੇ ਵਿਖੇ 85 ਪ੍ਰਤੀਸ਼ਤ, ਭਗਵਾਨਪੁਰਾ ਵਿਖੇ 85 ਪ੍ਰਤੀਸ਼ਤ, ਕਾਲਾਬੂਲਾ ਵਿਖੇ 90 ਪ੍ਰਤੀਸ਼ਤ, ਟਿੱਬਾ ਵਿਖੇ 85 ਪ੍ਰਤੀਸ਼ਤ, ਈਨਾਂ ਬਾਜਵਾ ਵਿਖੇ 90 ਪ੍ਰਤੀਸ਼ਤ , ਖੇੜੀ ਕਲਾਂ ਵਿਖੇ 80 ਪ੍ਰਤੀਸ਼ਤ, ਬੜੀ ਵਿਖੇ 80 ਪ੍ਰਤੀਸ਼ਤ, ਫ਼ਤਿਹਗੜ੍ਹ ਪੰਜਗਰਾਈਆਂ ਵਿਖੇ 85 ਪ੍ਰਤੀਸ਼ਤ, ਵਜੀਦਪੁਰ ਬਧੇਸਾ ਵਿਖੇ 80 ਪ੍ਰਤੀਸ਼ਤ, ਗਰਬਖਸਪੁਰਾ ਵਿਖੇ ਇੱਥ ਬੂਥ ਤੇ 4 ਵਜੇ ਤੱਕ 50  ਪ੍ਰਤੀਸ਼ਤ ਤੋਂ ਵੀ ਘੱਟ ਵੋਟ ਪੋਲ ਹੋਈ। ਖਲੀਲ ਪੱਤੀ ਵਿਖੇ 80 ਪ੍ਰਤੀਸ਼ਤ, ਘਨੌਰੀ ਖ਼ੁਰਦ ਵਿਖੇ 80 ਪ੍ਰਤੀਸ਼ਤ, ਵੋਟ ਪੋਲ ਹੋਣ ਦੇ ਸਮਾਚਾਰ ਹਨ।
ਚੀਮਾ ਮੰਡੀ, (ਜਗਰਾਜ ਮਾਨ) - ਕਸਬੇ ਦੇ ਨੇੜਲੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ। ਪਿੰਡਾਂ ਵਿੱਚ ਤਕਰੀਬਨ 85 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਪੋਲਿੰਗ ਹੋਈ। ਜ਼ਿਆਦਾਤਰ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਹੀ ਉਮੀਦਵਾਰ ਮੈਦਾਨ ਵਿਚ ਹਨ। ਅਕਾਲੀ ਦਲ ਅਤੇ ਆਪ ਨੇ ਪੰਚਾਇਤੀ ਚੋਣਾਂ ਵਿਚ ਚੁੱਪੀ ਧਾਰੀ ਰੱਖੀ ਪਰ ਅਕਾਲੀ ਦਲ ਅਤੇ ਆਪ ਦੇ ਵਰਕਰਾਂ ਨੇ ਪਿੰਡ ਪੱਧਰ 'ਤੇ ਆਪਣੇ ਪਸੰਦ ਦੇ ਉਮੀਦਵਾਰਾਂ ਦੇ ਪੱਖ ਵਿਚ ਵੋਟਾਂ ਮੰਗੀਆਂ।
ਮਲੇਰਕੋਟਲਾ, (ਕੁਠਾਲਾ) -ਬਲਾਕ ਮਲੇਰਕੋਟਲਾ-2 ਦੇ ਕੁੱਲ 90 ਪਿੰਡਾਂ ਵਿਚੋਂ 79 ਪਿੰਡਾਂ ਅੰਦਰ ਸਰਪੰਚਾਂ ਤੇ ਪੰਚਾਂ ਦੀ ਚੋਣ ਲਈ ਵੋਟਾਂ ਦਾ ਪਾਉਣ ਦਾ ਕੰਮ ਪੂਰੀ ਤਰ੍ਹਾਂ ਅਮਨ ਸ਼ਾਂਤੀ ਨਾਲ ਮੁਕੰਮਲ ਹੋ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਸ.ਡੀ.ਐਮ. ਮਲੇਰਕੋਟਲਾ ਸ. ਚਰਨਦੀਪ ਸਿੰਘ ਨੇ ਜਿੱਥੇ ਪਿੰਡਾਂ ਦੇ ਵੋਟਰਾਂ ਤੇ ਉਮੀਦਵਾਰਾਂ ਦਾ ਧੰਨਵਾਦ ਕੀਤਾ ਹੈ, ਉੱਥੇ ਚੋਣ ਡਿਊਟੀ 'ਤੇ ਤਾਇਨਾਤ ਚੋਣ ਅਮਲੇ ਨੂੰ ਵੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਮੁਬਾਰਕਬਾਦ ਦਿੱਤੀ ਹੈ। ਬਲਾਕ ਦੇ ਵੱਖ ਪਿੰਡਾਂ ਅੰਦਰ ਚੱਲ ਰਹੀ ਚੋਣ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਡੀ.ਐਸ.ਪੀ. ਮਲੇਰਕੋਟਲਾ ਸ੍ਰੀ ਯੋਗੀ ਰਾਜ ਸ਼ਰਮਾ ਸਮੇਤ ਪਿੰਡ ਫ਼ਿਰੋਜਪੁਰ ਪਹੁੰਚੇ ਐਸ.ਡੀ.ਐਮ. ਸ. ਚਰਨਦੀਪ ਸਿੰਘ ਨੇ ਦੱਸਿਆ ਕਿ ਬਲਾਕ ਮਲੇਰਕੋਟਲਾ-2 ਦੇ 14 ਪਿੰਡਾਂ ਅੰਦਰ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ ਜਦ ਕਿ 19 ਪਿੰਡਾਂ ਦੇ ਸਰਪੰਚ ਅਤੇ 79 ਪਿੰਡਾਂ 'ਚ 332 ਪੰਚ ਵੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਬਾਕੀ ਰਹਿੰਦੇ 79 ਪਿੰਡਾਂ ਅੰਦਰ ਚੋਣ ਪ੍ਰਕ੍ਰਿਆ ਉੱਪਰ ਨਜ਼ਰ ਰੱਖਣ ਅਤੇ ਚੋਣ ਅਮਲ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੂਰੀ ਤਰ੍ਹਾਂ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹਨ ਲਈ ਸਮੁੱਚੇ ਇਲਾਕੇ ਨੂੰ ਪੰਜ ਜ਼ੋਨਾਂ ਅੰਦਰ ਵੰਡ ਕੇ ਡੀ.ਆਰ.ਓ. ਸੰਗਰੂਰ, ਤਹਿਸੀਲਦਾਰ ਮਲੇਰਕੋਟਲਾ ਤੇ ਦੋ ਨਾਇਬ ਤਹਿਸੀਲਦਾਰਾਂ ਸਮੇਤ ਉਨ੍ਹਾਂ ਵਲੋਂ ਖ਼ੁਦ ਚੋਣ ਅਮਲ ਉੱਪਰ ਨਿਗਰਾਨੀ ਰੱਖੀ ਗਈ ਹੈ। ਵਰਨਣਯੋਗ ਹੈ ਕਿ ਬਲਾਕ ਮਲੇਰਕੋਟਲਾ-2 ਅਧੀਨ ਪਿੰਡ ਹੁਸ਼ੈਨਪੁਰਾ, ਢੱਡੇਵਾੜੀ, ਇਬਰਾਹੀਮਪੁਰਾ, ਸ਼ੇਰਵਾਨੀਕੋਟ, ਬਹਾਦਰਗੜ੍ਹ, ਕਾਸਮਪੁਰ, ਸਿਕੰਦਰਪੁਰਾ, ਫੌਜ਼ੇਵਾਲ, ਫਰਵਾਲੀ, ਦਰਿਆਪੁਰ, ਬਾਠਾਂ, ਜਾਤੀਵਾਲ ਅਰਾਈਆਂ, ਮਹੇਰਨਾ ਖ਼ੁਰਦ ਅਤੇ ਮਾਣਕਹੇੜੀ ਵਿੱਚ ਪੰਚਾਇਤਾਂ ਦੀ ਚੋਣ ਸਰਬ ਸੰਮਤੀ ਨਾਲ ਮੁਕੰਮਲ ਹੋ ਚੁੱਕੀ ਹੈ ਅਤੇ 19 ਪਿੰਡਾਂ ਵਿਚ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਸਰਪੰਚਾਂ ਵਿਚ ਪਿੰਡ ਉਮਰਪੁਰਾ (ਇਸਤਰੀ) ਤੋਂ ਬੀਬੀ ਸੰਦੀਪ ਕੌਰ,  ਪਿੰਡ ਜਿੱਤਵਾਲ ਖ਼ੁਰਦ ਤੋਂ ਰਣਬੀਰ ਸਿੰਘ, ਪਿੰਡ ਇਬਰਾਹੀਮਪੁਰਾ (ਇਸਤਰੀ) ਤੋਂ ਬੀਬੀ ਹੁਸਨਾ, ਪਿੰਗ ਹੁਸ਼ੈਨਪੁਰਾ (ਇਸਤਰੀ) ਤੋਂ ਬੀਬੀ ਪਰਮਜੀਤ ਕੌਰ, ਪਿੰਡ ਢੱਡੇਵਾੜੀ (ਇਸਤਰੀ) ਤੋਂ ਬੀਬੀ ਮਨਪ੍ਰੀਤ ਕੌਰ, ਪਿੰਡ ਫਰੀਦਪੁਰ ਕਲਾਂ (ਐਸ.ਸੀ. ਇਸਤਰੀ) ਤੋਂ ਬੀਬੀ ਹਰਜਿੰਦਰ ਕੌਰ, ਪਿੰਡ ਸ਼ੇਰਵਾਨੀਕੋਟ (ਇਸਤਰੀ) ਤੋਂ ਬੀਬੀ ਰਬੀਨਾ, ਪਿੰਡ ਬਹਾਦਰਗੜ੍ਹ (ਐਸ.ਸੀ. ਇਸਤਰੀ) ਤੋਂ ਬੀਬੀ ਗੁਰਮੇਲ ਕੌਰ, ਪਿੰਡ ਕਾਸਮਪੁਰ (ਐਸ.ਸੀ.) ਤੋਂ ਜਗਰੂਪ ਸਿੰਘ, ਪਿੰਡ ਸਿਕੰਦਰਪੁਰਾ ਤੋਂ ਲਾਲ ਸਿੰਘ, ਪਿੰਡ ਭੂਦਨ (ਇਸਤਰੀ) ਤੋਂ ਬੀਬੀ ਕਰਮਜੀਤ ਕੌਰ , ਪਿੰਡ ਫੌਜੇਵਾਲ (ਐਸ.ਸੀ.) ਤੋਂ ਅਜੈਬ ਸਿੰਘ, ਪਿੰਡ ਸੰਦੌੜ ਤੋਂ ਬੀਬੀ ਜਸਵੀਰ ਕੌਰ, ਪਿੰਡ ਫਰਵਾਲੀ ਤੋਂ ਗੁਮੁੱਖ ਸਿੰਘ, ਪਿੰਡ ਦਰਿਆਪੁਰ (ਐਸ.ਸੀ) ਜੰਗੀਰ ਸਿੰਘ, ਪਿੰਡ ਜਾਤੀਵਾਲ ਅਰਾਈਆਂ ਤੋਂ ਬਸ਼ੀਰ ਮੁਹੰਮਦ, ਪਿੰਡ ਬਾਠਾਂ (ਇਸਤਰੀ) ਤੋਂ ਬੀਬੀ ਗੁਰਜੀਤ ਕੌਰ, ਪਿੰਡ ਮਹੇਰਨਾ ਖ਼ੁਰਦ (ਐਸ.ਸੀ.) ਤੋਂ ਕੁਲਦੀਪ ਸਿੰਘ ਅਤੇ ਪਿੰਡ ਮਾਣਕਹੇੜੀ (ਇਸਤਰੀ ਤੋਂ ਬੀਬੀ ਸ਼ਰੋਜ) ਸ਼ਾਮਿਲ ਹਨ।
ਮਲੇਰਕੋਟਲਾ, (ਹਨੀਫ਼ ਥਿੰਦ) - ਪਿੰਡ ਬਿੰਜੋਕੀ ਖ਼ੁਰਦ ਵਿਖੇ ਅੱਜ ਪਈਆਂ ਸਰਪੰਚ ਅਤੇ ਪੰਚਾਂ ਦੀਆਂ ਵੋਟਾਂ ਦੀ ਰਫ਼ਤਾਰ ਕਾਫ਼ੀ ਹੌਲੀ ਰਹੀ। ਜਿਸ ਕਾਰਨ ਸ਼ਾਮ 4 ਵਜੇ ਤੋਂ ਬਾਅਦ ਵੀ ਲੋਕ ਵੋਟ ਪਾਉਣ ਲਈ ਲੰਮੀਆਂ-ਲੰਮੀਆਂ ਕਤਾਰਾਂ ਵਿਚ ਖੜ੍ਹੇ ਬਜ਼ੁਰਗ ਅਤੇ ਔਰਤਾਂ ਘੰਟਿਆਂ ਬੱਧੀ ਆਪਣੀ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਵੇਖੇ ਗਏ। ਪਿੰਡ ਦੇ ਵੋਟਰਾਂ ਦੀ ਕੁੱਲ ਗਿਣਤੀ 1565 ਦੇ ਕਰੀਬ ਦੱਸੀ ਜਾ ਰਹੀ ਹੈ ਜਿਸ ਲਈ ਪਿੰਡ ਦੇ ਸਰਕਾਰੀ ਹਾਈ ਸਕੂਲ ਨੋਧੇ ਵਾਲਾ ਵਿਖੇ 2 ਪੋਲਿੰਗ ਬੂਥ ਬਣਾਏ ਗਏ ਸਨ। ਜਿਨ੍ਹਾਂ ਵਿਚ ਬੂਥ ਨੰਬਰ 26 ਤੇ ਵੋਟਾਂ ਪੈਣ ਦੀ ਰਫ਼ਤਾਰ ਕਾਫ਼ੀ ਤੇਜ਼ ਵੇਖੀ ਗਈ ਉੱਥੇ ਹੀ ਬੂਥ ਨੰਬਰ 27 ਤੇ ਲੰਮੀਆਂ-ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ, ਜਿਸ ਕਾਰਨ ਵੋਟ ਪਾਉਣ ਆਏ ਲੋਕਾਂ ਨੂੰ ਦੇਰ ਸ਼ਾਮ ਤੱਕ ਆਪਣੀ ਵਾਰੀ ਦੀ ਉਡੀਕ ਕਰਨੀ ਪਈ, ਜਿਸ ਵਿਚ ਜ਼ਿਆਦਾਤਰ ਔਰਤਾਂ ਅਤੇ ਨੌਜਵਾਨ ਵੀ ਸ਼ਾਮਿਲ ਸਨ। ਇਸ ਸਬੰਧੀ ਜਦੋਂ ਡਿਊਟੀ 'ਤੇ ਤਾਇਨਾਤ ਇਕ ਅਧਿਕਾਰੀ ਤੋਂ ਜਾਣਕਾਰੀ ਲਈ ਤਾਂ ਉਨ੍ਹਾਂ ਦੱਸਿਆ ਕਿ ਬੂਥ ਨੰਬਰ 27 ਤੇ ਉਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਹੈ ਜਿਹੜੇ 2017-18 ਵਿਚ ਨਵੇਂ ਭਰਤੀ ਹੋਏ ਹਨ ਇਸ ਲਈ ਵੋਟ ਭੁਗਤਾਉਣ ਲਈ ਜ਼ਿਆਦਾ ਸਮਾਂ ਲੱਗ ਰਿਹਾ ਹੈ।
ਮੂਣਕ, (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਬਲਾਕ ਅਨਦਾਣਾ ਐਟ ਮੂਣਕ ਦੀਆਂ ਅੱਜ ਪੈ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਵੋਟਰਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ, ਬਾਅਦ ਦੁਪਹਿਰ ਦੋ ਵਜੇ ਤੋਂ ਬਾਅਦ ਵੀ ਪੋਲਿੰਗ ਬੂਥਾਂ ਦੇ ਬਾਹਰ ਲੰਮੀਆਂ-ਲੰਮੀਆਂ ਲਾਇਨਾਂ ਲੱਗੀਆਂ ਹੋਈਆਂ ਸਨ ਅਤੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰਾਂ ਅਤੇ ਉਮੀਦਵਾਰਾਂ ਦੇ ਸ਼ੁੱਭਚਿਤਕਾਂ ਦਾ ਮੇਲੇ ਵਰਗਾ ਇਕੱਠ ਵੇਖਣ ਨੂੰ ਮਿਲਿਆ। ਜਿਨ੍ਹਾਂ ਪਿੰਡਾਂ 'ਚ ਸਰਪੰਚੀ/ਪੰਚੀ ਜਨਰਲ (ਔਰਤ ਅਤੇ ਮਰਦ) ਦੀ ਚੋਣ ਹੋ ਰਹੀ ਸੀ, ਉਨ੍ਹਾਂ ਪੋਲਿੰਗ ਬੂਥਾਂ 'ਤੇ ਸਟੇਸ਼ਨਾਂ ਦੇ ਬਾਹਰ ਉਤਸ਼ਾਹ ਵੇਖਣ ਵਾਲਾ ਸੀ। ਪੰਚਾਇਤੀ ਚੋਣਾਂ 'ਚ ਵੋਟਾਂ ਪਰਚੀ ਨਾਲ ਪੈਣ ਕਾਰਨ ਵੋਟਾਂ ਪਾਉਣ ਦਾ ਕੰਮ ਕਾਫ਼ੀ ਧੀਮੀ ਚਾਲ ਨਾਲ ਚੱਲ ਰਿਹਾ ਸੀ ਸੋ 4 ਵਜੇ ਤੱਕ ਵੋਟਾਂ ਪੈਣ ਦਾ ਕੰਮ ਲੇਟ ਵੀ ਹੋ ਸਕਦਾ ਹੈ। ਵੋਟਾਂ ਪੈਣ ਦੀ ਚਾਲ ਧੀਮੀ ਹੋਣ ਕਾਰਨ ਕੁਝ ਪੋਲਿੰਗ ਸਟੇਸ਼ਨ ਬਾਹਰ ਉਮੀਦਵਾਰਾਂ ਦੇ ਸ਼ੁੱਭਚਿੰਤਕਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਵੋਟਾਂ ਜਾਣਬੁਝ ਕੇ ਹੌਲੀ ਪਵਾਈਆਂ ਜਾ ਰਹੀਆਂ ਹਨ ਤਾਂਕਿ 4 ਵਜੇ ਤੋਂ ਬਾਅਦ ਉਲਟ-ਪੁਲਟ ਕਰਨ ਦਾ ਮੌਕਾ ਮਿਲ ਜਾਵੇ। ਪ੍ਰਸ਼ਾਸਨ ਵਲੋਂ ਵੋਟਾਂ 'ਚ ਪੂਰੀ ਚੋਕਸੀ ਰੱਖੀ ਹੋਈ ਸੀ।
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ) - ਪਿੰਡ ਬਾਗੜੀਆਂ ਦੇ ਪੋਲਿੰਗ ਬੂਥ 7 ਉੱਪਰ ਜਿੱਥੇ 3 ਵਜੇ ਤੱਕ 1236 ਵੋਟਾਂ ਵਿਚੋਂ ਸਿਰਫ਼ 700 ਵੋਟਾਂ ਹੀ ਪੋਲ ਹੋਈਆਂ ਸਨ ਅਤੇ ਲੰਮੀਆਂ-ਲੰਮੀਆਂ ਕਤਾਰਾਂ ਵਿਚ ਮਰਦ ਅਤੇ ਔਰਤ ਵੋਟਰ ਖੜ੍ਹੇ ਸਨ, ਉੱਥੇ ਹਾਜ਼ਰ ਬਲਵਿੰਦਰ ਸਿੰਘ ਲਾਗੜੀਆਂ ਨੇ ਦੱਸਿਆ ਕਿ ਉਹ ਕਰੀਬ ਤਿੰਨ ਘੰਟੇ ਤੋਂ ਲਾਈਨ ਵਿਚ ਖੜ੍ਹੇ ਆਪਣੀ ਵਾਰੀ ਇੰਤਜ਼ਾਰ ਕਰ ਰਹੇ ਹਨ। ਏਸੇ ਪੋਲਿੰਗ ਬੂਥ ਦੀ ਕਵਰੇਜ ਕਰਦਿਆਂ ਉੱਥੇ ਮੌਜੂਦ ਇਕ ਪੁਲਿਸ ਮੁਲਾਜ਼ਮ ਵਲੋਂ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਗਈ। ਜਦੋਂ ਪੱਤਰਕਾਰਾਂ ਦੀ ਟੀਮ ਨੇ ਉਸ ਮੁਲਾਜ਼ਮ ਨੂੰ ਇਹ ਪੁੱਛਿਆ ਕਿ ਇਹ ਦੁਰ-ਵਿਵਹਾਰ ਕਰਨ ਲਈ ਕਿਹੜੇ ਅਫ਼ਸਰ ਵਲੋਂ ਕਿਹਾ ਗਿਆ ਹੈ ਤਾਂ ਉਹ ਚੁੱਪ ਕਰ ਗਿਆ। ਵਾਰ-ਵਾਰ ਪੁੱਛਣ 'ਤੇ ਵੀ ਉਸ ਨੇ ਆਪਣਾ ਨਾਂ ਨਹੀਂ ਦੱਸਿਆ। ਉੱਥੇ ਹਾਜ਼ਰ ਸਬ-ਇੰਸਪੈਕਟਰ ਬਸੰਤ ਸਿੰਘ ਨੂੰ ਜਦੋਂ ਪੱਤਰਕਾਰਾਂ ਨੇ ਇਸ ਬਾਰੇ ਪੁੱਛਿਆ ਤਾਂ ਉਸ ਵਲੋਂ ਕੋਈ ਸਪਸ਼ਟ ਜਵਾਬ ਨਾ ਦਿੰਦਿਆਂ ਸਿਰਫ਼ ਏਨਾ ਕਿਹਾ ਗਿਆ ਕਿ ਇਸ ਮੁਲਾਜ਼ਮ ਨੂੰ ਸਮਝਾ ਦਿੱਤਾ ਜਾਵੇਗਾ। ਪੱਤਰਕਾਰਾਂ ਵਲੋਂ ਉਕਤ ਪੁਲਿਸ ਮੁਲਾਜ਼ਮਾਂ ਨੂੰ ਇਹ ਵਾਰ-ਵਾਰ ਕਿਹਾ ਗਿਆ ਕਿ ਪੱਤਰਕਾਰ ਭਾਈਚਾਰਾ ਆਪਣੀ ਡਿਊਟੀ ਬਿਨ੍ਹਾਂ ਕਿਸੇ ਤਨਖ਼ਾਹ ਤੋਂ ਕਰ ਰਿਹਾ ਹੈ ਜਦਕਿ ਉਹ ਆਪਣੀ ਡਿਊਟੀ ਬਦਲੇ ਮੋਟੀਆਂ ਤਨਖ਼ਾਹਾਂ ਲੈਂਦੇ ਹਨ। ਉੱਧਰ ਡੀ.ਐਸ.ਪੀ ਪਲਵਿੰਦਰ ਸਿੰਘ ਚੀਮਾ ਜਿਨ੍ਹਾਂ ਵਲੋਂ ਪੱਤਰਕਾਰਾਂ ਨੂੰ ਕਵਰੇਜ ਕਰਨ ਲਈ ਅੰਦਰ ਭੇਜਿਆ ਗਿਆ ਸੀ ਵੀ ਆਪਣੇ ਮੁਲਾਜ਼ਮਾਂ ਦੇ ਹੱਕ ਵਿਚ ਭੁਗਤਦੇ ਹੋਏ ਨਜ਼ਰ ਆਏ।
ਜਖੇਪਲ, (ਮੇਜਰ ਸਿੰਘ ਸਿੱਧੂ) - ਜਖੇਪਲ ਇਲਾਕੇ ਦੇ ਪਿੰਡਾਂ ਵਿਚ ਵੋਟਾਂ ਸ਼ਾਂਤੀ ਪੂਰਵਕ ਰਹੀਆਂ। ਪੰਚਾਇਤੀ ਚੋਣਾਂ ਵਿਚ ਪੰਚ ਸਰਪੰਚ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਲੋਕ ਸਵੇਰੇ ਅੱਠ ਵਜੇ ਪੋਲਿੰਗ ਬੂਥਾਂ 'ਤੇ ਆਉਣੇ ਸੁਰੂ ਹੋ ਗਏ। ਚਾਰ ਵਜੇ ਤੱਕ ਜਖੇਪਲ ਨੇੜਲੇ ਪਿੰਡਾਂ ਚਾਓਬਾਸ, ਹੰਬਲਬਾਸ, ਧਾਲੀਵਾਲਬਾਸ, ਜਖੇਪਲਬਾਸ, ਉਗਰਾਹਾਂ, ਦੌਲਾਸਿੰਘਵਾਲਾ, ਘਾਸੀਵਾਲਾ, ਗੰਢੂਆਂ ਅਤੇ ਮੈਦੇਵਾਸ ਵਿੱਚ 80 ਤੋਂ 85 ਪ੍ਰਤੀਸ਼ਤ ਵੋਟ ਪੋਲ ਚੁੱਕੀ ਸੀ। ਚਾਰ ਵਜੇ ਵੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਚੱਲ ਰਿਹਾ ਸੀ। ਨਤੀਜੇ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ।
ਮਸਤੂਆਣਾ ਸਾਹਿਬ, (ਦਮਦਮੀ)  - ਇਥੋਂ ਨੇੜਲੇ ਵੱਖ-ਵੱਖ ਪਿੰਡਾਂ ਬਹਾਦਰਪੁਰ, ਦੁੱਗਾਂ, ਕੁੰਨਰਾਂ, ਕਾਂਝਲਾ, ਕਾਂਝਲੀ, ਨੱਤਾਂ, ਕਿਲਾ ਹਕੀਮਾਂ, ਬਟੂਹਾ, ਲੱਡਾ, ਚੰਗਾਲ, ਹਰੇੜੀ, ਬੰਗਾਵਾਲੀ, ਖਿੱਲਰੀਆਂ, ਅਕੋਈ ਸਾਹਿਬ, ਭੰਮਾਵੱਦੀ, ਬੱਡਰੁੱਖਾਂ ਅਤੇ ਥਲੇਸ਼ਾਂ ਆਦਿ ਪਿੰਡਾਂ ਵਿਖੇ ਵੋਟਾਂ ਜਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਅਮਨ ਅਮਾਨ ਨਾਲ ਪਈਆਂ। ਪਿੰਡਾਂ ਵਿਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਨੇ ਆਪਣੀ ਭਾਈਚਾਰਕ ਸਾਂਝ ਬਣਾਈ ਰੱਖੀ। ਕਈ ਪਿੰਡਾਂ ਵਿਚ ਕੁੱਝ ਪੰਚਾਇਤ ਮੈਂਬਰਾਂ ਦੀ ਪਹਿਲਾਂ ਹੀ ਸਰਬ ਸੰਮਤੀ ਨਾਲ ਚੋਣ ਹੋ ਚੁੱਕੀ ਸੀ। ਕਈ ਪਿੰਡਾਂ ਵਿਚ ਪੰਚਾਂ ਸਰਪੰਚਾਂ ਦੇ ਉਮੀਦਵਾਰਾਂ ਵੱਲੋਂ ਸਾਂਝੇ ਤੌਰ ਤੇ ਪੋਲਿੰਗ ਬੂਥ ਲਗਾਏ ਗਏ ਸਨ। ਨੇੜਲੇ ਪਿੰਡ ਕਾਂਝਲਾ, ਬਡਰੁੱਖਾਂ, ਬਹਾਦਰਪੁਰ, ਦੁੱਗਾਂ, ਭੰਮਾਵੱਦੀ, ਚੰਗਾਲ ਆਦਿ ਪਿੰਡਾਂ ਵਿਚ ਲੋਕਾਂ ਵੱਲੋਂ ਵੋਟਾਂ ਪਾਉਣ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।